ਪਠਾਨਕੋਟ:ਲਖਨਪੁਰ ਤੋਂ ਪਠਾਨਕੋਟ ਜ਼ਿਲ੍ਹੇ ਵਿੱਚ ਦਾਖ਼ਲ ਹੋ ਰਹੇ ਅੱਤਵਾਦੀਆਂ ਕਾਰਨ ਭਾਰਤੀ ਸਰੁੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੰਜਾਬ ਦੀ ਸਰਹੱਦ ਨਾਲ ਲੱਗਦੇ ਜੰਮੂ–ਕਸ਼ਮੀਰ ਦੇ ਲਖਨਪੁਰ ਤੋਂ ਚਾਰ ਦਿਨ ਪਹਿਲਾਂ ਖ਼ਤਰਨਾਕ ਹਥਿਆਰਾਂ ਨਾਲ ਗ੍ਰਿਫ਼ਤਾਰ ਟਰੱਕ ਸਵਾਰ ਤਿੰਨ ਅੱਤਵਾਦੀਆਂ ਦੇ ਮਦਦਗਾਰਾਂ ਦੀ ਭਾਲ਼ ਸੁਰੱਖਿਆ ਏਜੰਸੀਆਂ ਨੇ ਤੇਜ਼ ਕਰ ਦਿੱਤੀ ਹੈ।
ਪਠਾਨਕੋਟ ਜ਼ਿਲ੍ਹੇ ਵਿੱਚੋਂ ਟਰੱਕ ਦੇ ਲੰਘਣ 'ਤੇ ਕੁਝ ਦਿਨਾਂ ਤੱਕ ਇੱਥੇ ਰਹਿਣ ਦੇ ਖ਼ਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਹੁਣ ਵਧੇਰੇ ਚੌਕਸ ਹੋ ਗਈਆਂ ਹਨ।
ਸੁਰੱਖਿਆ ਅਧਿਕਾਰੀਆਂ ਨੂੰ ਹੁਣ ਅਜਿਹੇ ਲੋਕਾਂ ਦੀ ਭਾਲ਼ ਹੈ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਰਸਤਾ ਦੱਸਿਆ ਹੋਵੇ ਜਾਂ ਉਨ੍ਹਾਂ ਤੋਂ ਕਿਸੇ ਤਰ੍ਹਾਂ ਮਦਦ ਮੰਗੀ ਹੋਵੇ।
ਅੱਤਵਾਦੀਆਂ ਦੇ ਦਿਹਾਤੀ ਖੇਤਰਾਂ ਦੇ ਰਸਤਿਆਂ ਤੋਂ ਲੰਘਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਬਮਿਆਲ ਏਰੀਆ ਵਿੱਚ ਆਪਣੀ ਤਫ਼ਤੀਸ਼ ਵਧਾਈ ਹੈ।
ਖ਼ੁਫ਼ੀਆ ਬਿਊਰੋ (ਇੰਟੈਲੀਜੈਂਸ ਬਿਊਰੋ – IB) ਦੇ ਅਧਿਕਾਰੀਆਂ ਨੇ ਜ਼ਿਲ੍ਹੇ ਵਿੱਚ ਸਖ਼ਤੀ ਵਧਾ ਦਿੱਤੀ। ਪੁਲਿਸ ਅਧਿਕਾਰੀ ਵੀ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨਾਲ ਮੀਟਿੰਗ ਕਰ ਕੇ ਸੁਰੱਖਿਆ ਵਿਵਸਥਾ ਨੂੰ ਸਖ਼ਤ ਕਰਨ ਲਈ ਲੱਗ ਪਏ ਹਨ। ਨਾਕਿਆਂ 'ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜੋ: ਕੇਂਦਰੀ ਮੰਤਰੀ ਵੱਲੋਂ ਉੱਤਰ ਭਾਰਤੀਆਂ 'ਤੇ ਕੀਤੀ ਟਿਪੱਣੀ 'ਤੇ ਪ੍ਰਿਅੰਕਾ ਗਾਂਧੀ ਦਾ ਤਿੱਖਾ ਵਾਰ
ਬਮਿਆਲ ਸੈਕਟਰ ਤੋਂ ਲੈ ਕੇ ਜ਼ਿਲ੍ਹੇ ਭਰ ਦੇ ਅੱਤਵਾਦੀਆਂ ਦੇ ਵਾਹਨ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਟਰੱਕ ਕਿਸ ਰਸਤੇ ਤੋਂ ਲਖਨਪੁਰ ਪੁੱਜਾ ਸੀ।
ਸਰਹੱਦੀ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਪਰ ਸੁਰੱਖਿਆ ਏਜੰਸੀਆਂ ਨੂੰ ਹਾਲੇ ਤੱਕ ਕੋਈ ਠੋਸ ਸੁਰਾਗ਼ ਹੱਥ ਨਹੀਂ ਲੱਗ ਸਕਿਆ ਹੈ।