ਪਠਾਨਕੋਟ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਚੱਢਾਵਾਲ ਲਾਗੇ ਪਾਣੀ ਤੇਜ਼ ਹੋਣ ਕਾਰਨ ਇਕ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਜੰਮੂ-ਕਸ਼ਮੀਰ 'ਚ ਪੰਜਾਬ ਅਤੇ ਪੰਜਾਬ ਤੋਂ ਜੰਮੂ ਕਸ਼ਮੀਰ ਆਉਣ ਜਾਣ ਵਾਲੇ ਵਾਹਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਪਠਾਨਕੋਟ 'ਚ ਕਾਫੀ ਸਮੇਂ ਤੋਂ ਜਾਮ ਲੱਗਣ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਤੋਂ ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਨੈਸ਼ਨਲ ਹਾਈਵੇਅ ਨੰਬਰ-44 'ਤੇ ਵਾਹਨਾਂ ਦਾ ਭਾਰੀ ਜਾਮ ਲੱਗ ਗਿਆ ਹੈ।
ਆਵਾਜਾਹੀ ਕੀਤੀ ਗਈ ਡਾਇਵਰਟ : ਜੰਮੂ ਨੂੰ ਜਾਣ ਵਾਲੇ ਹਾਈਵੇਅ 'ਤੇ ਚੱਢਾਵਾਲ ਮੋਡ ਨੇੜੇ ਖੱਡ 'ਚ ਪਾਣੀ ਦਾ ਤੇਜ਼ ਵਹਾਅ ਆਉਣ ਕਾਰਨ ਪੁਲ ਨੂੰ ਹੋਏ ਨੁਕਸਾਨ ਨੂੰ ਲੈਕੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਅਜਿਹੇ 'ਚ ਪਠਾਨਕੋਟ ਦੇ ਮਾਧੋਪੁਰ ਅਤੇ ਲਖਨਪੁਰ ਬਾਰਡਰ 'ਤੇ ਵਾਹਨਾਂ ਦਾ ਭਾਰੀ ਜਾਮ ਲੱਗ ਗਿਆ ਹੈ। ਪਠਾਨਕੋਟ ਪੁਲਿਸ ਦੇ ਐੱਸਐੱਸਪੀ ਪਟਿਆਲਾ, ਮਲੇਰਕੋਟਲਾ, ਖੰਨਾ, ਸੀਪੀ ਲੁਧਿਆਣਾ, ਸੀਪੀ ਜਲੰਧਰ, ਐੱਸਐੱਸਪੀ ਜਲੰਧਰ ਦਿਹਾਤੀ ਅਤੇ ਬਾਰਡਰ ਰੇਂਜ ਦੇ ਸਾਰੇ ਐਸਐਸਪੀਜ਼ ਨੂੰ ਪਠਾਨਕੋਟ ਆਉਣ ਵਾਲੇ ਸਾਰੇ ਭਾਰੀ ਵਾਹਨਾਂ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਸਥਿਤੀ ਨਾਲ ਨਿਪਟਿਆ ਜਾ ਸਕੇ।
ਦਰਅਸਲ ਨੈਸ਼ਨਲ ਹਾਈਵੇ ਉੱਤੇ ਕਰੀਬ 25 ਕਿਲੋਮੀਟਰ ਤੱਕ ਲੰਬਾ ਜਾਮ ਲੱਗਣ ਨਾਲ ਪਰੇਸ਼ਾਨੀ ਹੋਈ ਹੈ। ਗੱਡੀਆਂ ਦੀ ਆਵਾਜਾਈ ਇਕ ਪਾਸੇ ਬਿਲਕੁਲ ਬੰਦ ਹੋ ਚੁਕੀ ਹੈ, ਜਿਸ ਨੂੰ ਵੇਖਦੇ ਹੋਏ ਪਠਾਨਕੋਟ ਪੁਲਿਸ ਵਲੋਂ ਥਾਂ-ਥਾਂ ਉੱਤੇ ਨਾਕਾਬੰਦੀ ਕਰ ਜੰਮੂ ਨੂੰ ਜਾਣ ਵਾਲੇ ਪੰਜਾਬ ਦੇ ਅੰਦਰੂਨੀ ਰਸਤਿਆਂ ਨੂੰ ਚਾਰ ਪਹੀਆ ਵਾਹਨ ਹੀ ਡਾਇਵਰਟ ਕੀਤੇ ਜਾ ਰਹੇ ਹਨ।
ਲੋਕਾਂ ਨੂੰ ਵੀ ਕੀਤੀ ਗਈ ਅਪੀਲ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਪਠਾਨਕੋਟ 'ਚ ਟ੍ਰੈਫਿਕ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਨੈਸ਼ਨਲ ਹਾਈਵੇਅ ਨੂੰ ਹੋਏ ਨੁਕਸਾਨ ਕਾਰਨ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪਠਾਨਕੋਟ 'ਚ ਸਾਵਧਾਨੀ ਦੇ ਤੌਰ 'ਤੇ ਸਾਰੇ ਭਾਰੀ ਵਾਹਨਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਰਸਤਿਓਂ ਆਉਣ ਤੋਂ ਗੁਰੇਜ ਕੀਤਾ ਜਾਵੇ।