ਮੋਗਾ: ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੋਗਾ ਦੇ ਵਾਰਡ ਨੰਬਰ 9 ਵਿੱਚ ਬੀਤੀ ਰਾਤ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਹਿੰਸਕ ਝੜਪ ਹੋਈ। ਇਸ ਹਿੰਸਕ ਝੜਪ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਦੀ ਗੱਡੀ ਹੇਠ ਆਉਣ ਕਾਰਨ ਦੋ ਅਕਾਲੀ ਵਰਕਰਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਥਾਣਾ ਸਿਟੀ ਵਿੱਚ ਮੁੱਖ ਆਰੋਪੀ ਸਾਬਕਾ ਕਾਂਗਰਸੀ ਕੌਂਸਲਰ ਸਮੇਤ 7 ਵਿਅਕਤੀਆਂ ਸਣੇ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਉੱਤੇ ਵੀ ਕਤਲ ਦਾ ਕੇਸ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਪਰਚੇ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਨਰਿੰਦਰਪਾਲ ਸਿੱਧੂ ਸਮੇਤ ਜਸਮੇਲ ਸਿੰਘ, ਹੈਪੀ, ਟੀਟੀ ਸ਼ਰਮਾ, ਜੱਸ ਲਵਪ੍ਰੀਤ ਸਿੰਘ ਸਿੱਧੂ, ਲਾਲੀ ਅਤੇ ਪੰਮਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੋਗਾ ਦੇ ਵਾਰਡ ਨੰਬਰ 9 ਵਿਚੋਂ ਚੋਣਾਂ ਲੜ੍ਹ ਰਹੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਦੇ ਪਤੀ ਗੁਰਤੇਜ ਸਿੰਘ ਉਰਫ਼ ਰਾਜੂ ਨੇ ਕਿਹਾ ਕਿ ਬੀਤੀ ਰਾਤ ਉਹ ਮੌਕੇ ਉੱਤੇ ਮੌਜੂਦ ਸਨ। ਰਾਤ ਕਰੀਬ ਸਵਾ ਨੌ ਵਜੇ ਸਾਬਕਾ ਕਾਂਗਰਸੀ ਕੌਂਸਲਰ ਨਰਿੰਦਰਪਾਲ ਸਿੱਧੂ ਅਤੇ ਉਸ ਦੇ ਬੇਟੇ ਸਮੇਤ ਉਸ ਦੇ ਕੁਝ ਸਾਥੀ ਉਨ੍ਹਾਂ ਦੇ ਵਾਰਡ ਵਿੱਚ ਆਏ ਅਤੇ ਵੋਟਰਾਂ ਨੂੰ ਸ਼ਰਾਬ ਵੰਡਣ ਲੱਗ ਪਏ।
ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ ਨੇ ਤੇਜ਼ ਰਫ਼ਤਾਰ ਨਾਲ ਆਪਣੀ ਗੱਡੀ ਮੁਹੱਲਾ ਨਿਵਾਸੀ ਅਕਾਲੀ ਵਰਕਰ ਹਰਵਿੰਦਰ ਸਿੰਘ ਬੱਬੂ ਅਤੇ ਪਿੰਡ ਤਾਰੇ ਵਾਲਾ ਦੇ ਸਾਬਕਾ ਅਕਾਲੀ ਸਰਪੰਚ ਭੋਲੇ ਉੱਤੇ ਚੜ੍ਹਾ ਦਿੱਤੀ ਜਿਸ ਦੇ ਚੱਲਦੇ ਹਰਵਿੰਦਰ ਸਿੰਘ ਬੱਬੂ ਦੀ ਸਿਵਲ ਹਸਪਤਾਲ ਲਿਜਾਂਦੇ ਸਮੇਂ ਹੀ ਮੌਤ ਹੋ ਗਈ ਜਦਕਿ ਭੋਲੇ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।
ਡੀਐਸਪੀ ਬਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਆਰੋਪੀ ਸਾਬਕਾ ਕਾਂਗਰਸੀ ਕੌਂਸਲਰ ਨਰਿੰਦਰਪਾਲ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਸ਼ਰਾਬ ਵੰਡਣ ਵਾਲੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਬਾਕੀ ਆਰੋਪੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ।