ਮੋਗਾ: ਜ਼ਿਲ੍ਹਾ ਮੋਗਾ ਵਿੱਚ ਚੋਰੀ ਦੀਆਂ ਵਾਰਦਾਤਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ ਚੋਰਾਂ ਦੇ ਹੌਸਲੇ ਬੁਲੰਦ ਹਨ, ਉਥੇ ਹੀ ਦੂਸਰੇ ਪਾਸੇ ਆਮ ਲੋਕ ਇਨ੍ਹਾਂ ਚੋਰੀਆਂ ਕਾਰਨ ਡਾਹਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਹਲਕਾ ਬਾਘਾ ਪੁਰਾਣਾ ਦਾ ਜਿੱਥੇ ਲੋਕਾਂ ਵੱਲੋਂ ਟਰੱਕਾਂ ਅਤੇ ਮੋਟਰਸਾਈਕਲ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਇਕ ਸਖ਼ਸ ਦੀਆਂ ਲੱਤਾਂ ਬਾਹਵਾਂ ਬੰਨ੍ਹ ਕੇ ਉਸ ਦਾ ਕੁਟਾਪਾ ਚਾੜ੍ਹਿਆ ਅਤੇ ਪੁਲਿਸ ਦੇ ਹਵਾਲੇ ਕੀਤਾ।
ਉਥੇ ਇਸ ਚੋਰ ਦੇ ਫੜੇ ਜਾਣ ਦੀ ਖਬਰ ਜਦੋਂ ਚੋਰ ਦੀ ਮਾਂ ਨੂੰ ਪਈ ਤਾਂ ਆਉਂਦੇ ਸਾਰ ਹੀ ਚੋਰ ਦੀ ਮਾਂ ਨੇ ਆਪਣੇ ਮੁੰਡੇ ਨੂੰ ਲੋਕਾਂ ਸਾਹਮਣੇ ਬੁਰੀ ਤਰ੍ਹਾਂ ਨਾਲ ਕੁੱਟਿਆ। ਇੱਥੇ ਕੁੱਟਦੇ-ਕੁੱਟਦੇ ਮਾਂ ਨੇ ਕਿਹਾ ਕਿ ਨਸ਼ੇ ਦੀ ਪੂਰਤੀ ਲਈ ਉਸ ਦਾ ਮੁੰਡਾ ਚੋਰੀਆਂ ਕਰਦਾ ਸੀ। ਉਸ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨਸ਼ਾ ਖਤਮ ਕਰਨ ਦੇ ਵਾਅਦੇ ਅਤੇ ਦਾਅਵੇ ਕਰਦੀਆਂ ਹਨ ਪਰ ਉਹ ਵਾਅਦੇ ਦਾਅਵੇ ਸਿਰਫ਼ ਤੇ ਸਿਰਫ਼ ਹਵਾ ਵਿੱਚ ਰਹਿ ਜਾਂਦੇ ਹਨ।
ਮਾਂ ਨੇ ਸਰਕਾਰ ਨੂੰ ਦੁਹਾਈਆਂ ਪਾਉਂਦੇ ਕਿਹਾ ਕਿ ਜੇਕਰ ਲੀਡਰਾਂ ਦੇ ਬੱਚੇ ਚੋਰੀਆਂ ਕਾਰਨ ਉਨ੍ਹਾਂ ਨੂੰ ਫੇਰ ਪਤਾ ਲੱਗੇ । ਜਿਨ੍ਹਾਂ ਵੱਲੋਂ ਇਹ ਚੋਰ ਫੜਿਆ ਗਿਆ, ਉਸ ਨੇ ਦੱਸਿਆ ਕਿ ਇਸ ਚੋਰ ਦੇ ਕੋਲੋਂ ਪਲਾਸ, ਪੇਚਕਸ ਅਤੇ ਚਾਬੀ ਬਰਾਮਦ ਹੋਈ ਹੈ, ਜਿਸ ਨਾਲ ਇਹ ਬੈਟਰੀਆਂ ਖੋਲ੍ਹਿਆ ਕਰਦਾ ਸੀ।
ਉਨ੍ਹਾਂ ਨੇ ਕਿਹਾ ਕਿ ਬਹੁਤ ਦਿਨ੍ਹਾਂ ਤੋਂ ਇਹ ਚੋਰ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਸੀ। ਅੱਜ ਇਸ ਚੋਰ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕੀਤਾ ਹੈ। ਉਥੇ ਹੀ ਜਾਂਚ ਅਧਿਕਾਰੀ ਨੇ ਕਿਹਾ ਕਿ ਬਾਘਾਪੁਰਾਣਾ ਪੁਲਿਸ ਵੱਲੋਂ ਇਸ ਚੋਰ ਨੂੰ ਗ੍ਰਿਫਤਾਰ ਕਰ ਕੇ ਐਫਆਈਆਰ ਨੰਬਰ 189 ਰਜਿਸਟਰ ਕਰ ਲਈ ਗਈ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਜਾਂਦੀ ਵਾਰ ਉੱਤੇ ਅਦਾਲਤ ਨੇ ਲਗਾਈ ਸਟੇਅ