ਮੋਗਾ: ਮੋਗਾ ਦੇ ਸੰਧੂਆਂਵਾਲਾ ਰੋਡ ਨੇੜੇ ਜੁਗਾੜੂ ਰੇਹੜੀ ਅਤੇ ਇੱਕ ਗੱਡੀ ਜਬਰਦਸਤ ਹੋਣ ਨਾਲ ਰੇਹੜੀ ਚਾਲਕ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ। ਗੱਡੀ ਦਾ ਡਰਾਇਵਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਦੇ ਰਹਿਣ ਵਾਲੇ ਸੁਖਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਇਹ ਵਿਅਕਤੀ ਪਿੰਡ ਵਿੱਚ ਹੀ ਸਬਜ਼ੀ ਵੇਚਦਾ ਸੀ। ਹਾਦਸਾ ਮੰਡੀ ਤੋਂ ਸਬਜੀ ਲੈ ਕੇ ਵਾਪਸ ਮੁੜਦਿਆਂ ਹੋਇਆ ਹੈ। ਮ੍ਰਿਤਕ ਵਿਅਕਤੀ ਹਰ ਰੋਜ ਮੰਡੀ ਤੋਂ ਸਬਜੀ ਲੈ ਕੇ ਆਉਂਦਾ ਸੀ ਤੇ ਇਹ ਹਾਦਸਾ ਵਾਪਰ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਇਸ ਹਾਦਸੇ ਦੇ ਮੁਲਜ਼ਮ ਡਰਾਇਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪੁੱਤਰ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ: ਰਣਜੋਧ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਸਦੇ ਪਿਤਾ ਸੁਖਜੀਤ ਸਿੰਘ ਰੋਜ਼ਾਨਾ ਵਾਂਗ ਮੋਟਰਸਾਈਕਲ-ਰੇਹੜਾ ’ਤੇ ਮੋਗਾ ਸਬਜ਼ੀ ਮੰਡੀ ’ਚ ਸਬਜ਼ੀ ਖਰੀਦਣ ਗਏ ਸੀ। ਸਵੇਰੇ 9 ਵਜੇ ਜਦੋਂ ਸੁਖਜੀਤ ਸਿੰਘ ਰੇਹੜੇ ’ਤੇ ਸਬਜ਼ੀਆਂ ਲੈ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮੋਗਾ-ਕੋਟਕਪੂਰਾ ਮੁੱਖ ਮਾਰਗ ’ਤੇ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਪਿੰਡ ਸੰਧੂਆਂਵਾਲਾ ਦੇ ਮੋੜ 'ਤੇ ਵਾਪਰਿਆ ਹੈ। ਰਣਜੋਧ ਸਿੰਘ ਅਨੁਸਾਰ ਤੇਜ਼ ਰਫ਼ਤਾਰ ਪਿਕਅੱਪ ਦੀ ਟੱਕਰ ਕਾਰਨ ਉਸਦੇ ਪਿਤਾ ਸੁਖਜੀਤ ਸਿੰਘ ਦੀ ਜਾਨ ਗਈ ਹੈ। ਇਸ ਦੌਰਾਨ ਰੇਹੜੇ ’ਤੇ ਬੈਠਾ ਜਗਸੀਰ ਸਿੰਘ ਨਾਂ ਦਾ ਵਿਅਕਤੀ ਜ਼ਖਮੀ ਹੋਇਆ ਹੈ। ਜਗਸੀਰ ਸਿੰਘ ਮੋਗਾ ਦੇ ਪਿੰਡ ਤਾਰੇਵਾਲਾ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: DSP Sekhon : ਬਰਖ਼ਾਸਤ ਡੀਐੱਸਪੀ ਸੇਖੋਂ ਨੂੰ ਪੇਸ਼ੀ ਲਈ ਲਿਆਈ ਲੁਧਿਆਣਾ ਪੁਲਿਸ, ਭਾਰੀ ਪੁਲਿਸ ਬਲ ਤਾਇਨਾਤ
ਪੁਲਿਸ ਨੇ ਕੀਤਾ ਮਾਮਲਾ ਦਰਜ: ਇਸ ਹਾਦਸੇ ਤੋਂ ਬਾਅਦ ਮੋਗਾ ਸਿਟੀ ਸਾਊਥ ਪੁਲਿਸ ਸਟੇਸ਼ਨ ਦੇ ਏ.ਐੱਸ.ਆਈ ਬੂਟਾ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਿਕਅੱਪ ਗੱਡੀ ਅਤੇ ਮੋਟਰਸਾਈਕਲ-ਰੇਹੜੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਦੇ ਬਿਆਨਾਂ ’ਤੇ ਪਿਕਅੱਪ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੁਖਜੀਤ ਸਿੰਘ ਦੀ ਲਾਸ਼ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਡਰਾਇਵਰ ਦੀ ਭਾਲ ਕੀਤੀ ਜਾ ਰਹੀ ਹੈ।