ਮੋਗਾ: ਜ਼ਿਲ੍ਹੇ ਦੀ ਪੁਲਿਸ ਨਸ਼ਾ/ਸ਼ਰਾਬ ਤਸਕਰੀ, ਨਜ਼ਾਇਜ਼ ਮਾਈਨਿੰਗ ਅਤੇ ਹੋਰ ਜੁਰਮਾਂ ਦੀ ਰੋਕਥਾਮ ਲਈ ਆਪਣੀ ਡਿਊਟੀ 24 ਘੰਟੇ ਨਿਰਪੱਖ ਨਿਭਾਅ ਰਹੀ ਹੈ ਅਤੇ ਆਮ ਜਨਤਾ ਨੂੰ ਇਨਸਾਫ਼ ਅਤੇ ਸ਼ਾਂਤਮਈ ਮਹੌਲ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ।
ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 6300 ਨਸ਼ੀਲੀਆਂ ਗੋਲੀਆਂ, 17 ਗ੍ਰਾਮ ਹੈਰੋਇਨ, 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ, ਜਿੰਨ੍ਹਾਂ ਦੇ ਦੋਸ਼ੀਆਂ ਵਿਰੁੱਧ ਸਬੰਧਤ ਥਾਣਿਆਂ ਵਿੱਚ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਿੱਟੂ ਸਿੰਘ ਪੁੱਤਰ ਮੁਕੰਮ ਸਿੰਘ ਵਾਸੀ ਪੰਜਗਰਾਂਈਂ ਕਲਾਂ ਪਾਸੋਂ 1300 ਨਸ਼ੀਲੀਆਂ ਗੋਲੀਆਂ ਸਮੇਤ ਡਿਸਕਵਰ ਮੋਟਰਸਾਈਕਲ, ਅਤੇ ਪਰਗਟ ਸਿੰਘ ਪੁੱਤਰ ਮੰਦਰ ਸਿੰਘ, ਗਗਨਦੀਪ ਸਿੰਘ ਪੁੱਤਰ ਜ਼ਸਵੀਰ ਸਿੰਘ ਨਿਹਾਲ ਸਿੰਘ ਵਾਲਾ ਤੋਂ 5000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਦੋਸ਼ੀਆਂ ਉੱਪਰ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਜਗਸੀਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਭਿੰਡਰ ਕਲਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਜਗਰੂਪ ਸਿੰਘ ਵਾਸੀ ਕੋਕਰੀ ਕਲਾਂ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇਨ੍ਹਾਂ ਉੱਪਰ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਅਮਰੀਕ ਸਿੰਘ ਪੁੱਤਰ ਖੜਕ ਸਿੰਘ ਵਾਸੀ ਰਾਮੂਵਾਲਾ ਕਲਾਂ ਤੋਂ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਇਸ ਕੇਸ ਵਿੱਚ ਐਕਸਾਈਜ ਐਕਟ ਤਹਿਤ ਦੋਸ਼ੀ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਜਲਦ ਹੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ:ਡਰੱਗਜ਼ ਮਾਮਲਾ: ਹਾਈਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਫੈਸਲੇ ਨੂੰ ਰੱਖਿਆ ਰਾਖਵਾਂ