ਮੋਗਾ: ਜ਼ਿਲ੍ਹੇ ਦੇ ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਨੇ ਅੱਜ ਇੱਕਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਦੇਸ਼ 'ਚ ਬੱਸਾਂ ਚੱਲ ਸਕਦੀਆਂ ਹਨ, ਹੋਟਲ ਖੁੱਲ੍ਹ ਸਕਦੇ ਹਨ ਤਾਂ ਸਿੱਖਿਆ ਸੰਸਥਾਵਾਂ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲੌਕਡਾਊਨ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਲੈਟਸ ਸੈਂਟਰ ਬੰਦ ਹੋਣ ਕਾਰਨ ਉਨ੍ਹਾਂ ਦਾ ਖਰਚਾ ਨਹੀਂ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਸਵਾਰੀਆਂ ਬਿਠਾਉਣ ਦੀ ਛੋਟ ਦਿੱਤੀ ਗਈ ਹੈ, ਰੈਸਟੋਰੈਂਟਾਂ ਵਿੱਚ ਵੀ ਬੈਠ ਕੇ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਥੇ ਕੋਰੋਨਾ ਮਹਾਂਮਾਰੀ ਦੇ ਫੈਲਣ ਦਾ ਖਤਰਾ ਸਭ ਤੋਂ ਵੱਧ ਹੈ। ਅਜਿਹੇ 'ਚ ਸਰਕਾਰ ਸਿੱਖਿਆ ਸੰਸਥਾਵਾਂ ਨੂੰ ਕਿਉਂ ਨਹੀਂ ਖੋਲ੍ਹਦੀ ਜਿਥੇ ਕੋਰੋਨਾ ਨਾਲ ਬੱਚਣ ਲਈ ਸਾਰੀਆਂ ਹਿਦਾਇਤਾਂ ਦਾ ਪਾਲਣ ਕੀਤਾ ਜਾ ਸਕਦਾ ਹੈ।
ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਸੀਸੀਟੀਵੀ ਦਾ ਅਸੈਸ ਉਨ੍ਹਾਂ ਕੋਲੋਂ ਲੈ ਕੇ ਹਰ ਵੇਲੇ ਜਾਂਚ ਕਰ ਸਕਦੀ ਹੈ ਕਿ ਅਸੀਂ ਸਰਕਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਾਂ ਜਾਂ ਨਹੀਂ। ਇਸ ਮੌਕੇ ਮੋਗਾ ਜ਼ਿਲ੍ਹੇ ਦੇ ਸਮੂਹ ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਵੱਲੋਂ ਜੋਗਿੰਦਰ ਸਿੰਘ ਚੌਕ ਤੋਂ ਲੈ ਕੇ ਡੀ.ਸੀ ਦਫ਼ਤਰ ਮੋਗਾ ਤੱਕ ਰੋਸ ਮਾਰਚ ਕੀਤਾ ਗਿਆ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।