ਮੋਗਾ: ਧਰਮਕੋਟ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ 'ਚ ਪੁਰਾਣੇ ਖਜ਼ਾਨਚੀ ਜੰਗ ਸਿੰਘ ਨੇ ਕੁਝ ਪੈਸਿਆਂ ਨੂੰ ਲੈ ਕੇ ਗੁਰਦੁਆਰੇ ਦੀ ਨਵੀਂ ਕਮੇਟੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਇਸ ਨਾਲ ਜੰਗ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੰਗ ਸਿੰਘ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ 53 ਸਾਲਾ ਜੰਗ ਸਿੰਘ ਨੇ ਆਤਮਹੱਤਿਆ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਕਮੇਟੀ ਦੇ ਫੰਡਾਂ ਦੀ ਗਬਨ ਕਰਨ ਦੇ ਦੋਸ਼ ਲਗਾਉਣ ਵਾਲੇ ਵਿਅਕਤੀ 'ਤੇ ਵੀ ਉਸ ਵਲੋਂ 4 ਗੋਲੀਆਂ ਚਲਾਈਆਂ ਗਈਆਂ ਪਰ ਉਹ ਵਾਲ-ਵਾਲ ਬਚ ਗਿਆ ਸੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰ ਲਈ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸੁਸਾਇਡ ਨੋਟ ਵੀ ਲਿਖਿਆ : ਜਾਣਕਾਰੀ ਮੁਤਾਬਿਕ ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਸ ਸੰਬੰਧੀ ਇਕ ਸੁਸਾਈਡ ਨੋਟ ਵੀ ਲਿਖਿਆ। ਇਸ ਮੁਤਾਬਿਕ ਉਸ ਨੇ ਖੁਦਕੁਸ਼ੀ ਲਈ 3 ਲੋਕਾਂ ਦਾ ਨਾਂ ਲਿਖਿਆ ਹੈ ਅਤੇ ਉਨ੍ਹਾਂ ਉੱਤੇ ਇਲਜਾਮ ਵੀ ਲਾਏ ਹਨ। ਪੁਲਿਸ ਨੇ ਸੁਸਾਈਡ ਨੋਟ ਅਤੇ ਉਸਦੇ ਲੜਕੇ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਇਨ੍ਹਾਂ ਤਿੰਨ ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਯਾਦ ਰਹੇ ਕਿ ਜੰਗ ਸਿੰਘ ਗੁਰਦੁਆਰਾ ਸਾਹਿਬ ਕਮੇਟੀ ਦੇ ਸਾਬਕਾ ਸਕੱਤਰ ਸਨ ਅਤੇ ਜੰਗ ਸਿੰਘ ਉੱਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ 7 ਲੱਖ ਰੁਪਏ ਦਾ ਗਬਨ ਕਰਨ ਦਾ ਇਲਜਾਮ ਲਾਇਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਗਬਨ ਦੇ ਦੋਸ਼ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਉਂਦੇ ਦਿਨਾਂ ਅੰਦਰ ਮੀਂਹ ਨੂੰ ਲੈਕੇ ਯੈਲੋ ਅਲਰਟ, 3 ਅਤੇ 4 ਮਈ ਨੂੰ ਭਾਰੀ ਮੀਂਹ, 5 ਤੋਂ ਬਾਅਦ ਮੌਸਮ ਹੋਵੇਗਾ ਸਾਫ਼
ਜਿਸ ਵੇਲੇ ਜੰਗ ਸਿੰਘ ਵਲੋਂ ਇਹ ਕਦਮ ਚੁੱਕਿਆ ਗਿਆ ਉਸ ਵੇਲੇ ਗੋਲੀ ਚੱਲਣ ਦੀ ਆਵਾਜ ਸੁਣ ਕੇ ਲੋਕ ਵੀ ਇਕੱਠੇ ਹੋਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਫਿਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਜੰਗ ਸਿੰਘ ਵਲੋਂ ਇਸ ਤਰ੍ਹਾਂ ਦਾ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ ਹੈ।