ਮੋਗਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਆਈ.ਐਸ.ਐਫ਼ ਕਾਲਜ ਨੇੜੇ ਖੁੱਲੇ ਮੈਦਾਨ ਵਿੱਚ ਕਰਵਾਇਆ ਗਿਆ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਸੋਮਵਾਰ ਨੂੰ ਸਮਾਪਤੀ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਾਉਣ ਲਈ ਤਿੰਨ ਦਿਨ ਤੱਕ ਚੱਲੇ ਇਸ ਸਮਾਗਮ ਨੂੰ 8, 000 ਤੋਂ ਵਧੇਰੇ ਲੋਕਾਂ ਨੇ ਦੇਖਿਆ।
ਆਧੁਨਿਕ ਤਕਨੀਕ ਨਾਲ ਲਿਬਰੇਜ਼ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸ਼ੋਆਂ ਦੇ ਸਫ਼ਲ ਆਯੋਜਨ ਨਾਲ ਮੋਗਾ ਸਹਿਰ ਅਤੇ ਨਾਲ ਲੱਗਦੇ ਪਿੰਡਾਂ ਦੀ ਸੰਗਤ ਪੂਰੀ ਤਰ੍ਹਾਂ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਗਈ ਅਤੇ ਦਰਸ਼ਕਾਂ ਨੇ ਪੰਜਾਬ ਸਰਕਾਰ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।
ਅੱਜ ਦੇ ਆਯੋਜਨਾਂ ਦੌਰਾਨ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 7.00 ਵਜੇ ਤੱਕ ਡਿਜੀਟਲ ਅਜਾਇਬ ਘਰ ਨੂੰ 1, 868 ਲੋਕਾਂ ਨੇ ਦੇਖਿਆ, ਜਦਕਿ ਸ਼ਾਮ ਨੂੰ ਦਿਖਾਏ ਗਏ ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ ਵੀ ਸੰਗਤ ਨੇ ਭਰਵੀਂ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਪਹਿਲੇ ਦਿਨ ਅਤੇ ਦੂਜੇ ਦਿਨ ਵੀ 4,500 ਤੋਂ ਵਧੇਰੇ ਲੋਕਾਂ ਨੇ ਡਿਜੀਟਲ ਮਿਊਜ਼ੀਅਮ ਅਤੇ ਸ਼ੋਅਜ਼ ਨੂੰ ਦੇਖਿਆ ਸੀ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਤਿੰਨ ਦਿਨ ਚੱਲੇ ਸਮਾਗਮ ਨੂੰ ਸਫ਼ਲ ਕਰਨ ਲਈ ਸੰਗਤ, ਅਧਿਕਾਰੀਆਂ ਅਤੇ ਵੱਖ-ਵੱਖ ਧਿਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਨੂੰ ਅਧਿਆਤਮਿਕਤਾ ਨਾਲ ਜੋੜਨ ਵਾਲਾ ਇਹ ਸ਼ੋਅ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫ਼ਰਵਰੀ 2020 ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ। ਉਨ੍ਹਾਂ ਇਸ ਆਯੋਜਨ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 3 ਅਤੇ 4 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਾਹਮਣੀਆਂ, ਤਹਿਸੀਲ ਧਰਮਕੋਟ ਨੇੜੇ ਸਤਲੁਜ ਦਰਿਆ ਵਿੱਚ ਵੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ।