ਮੋਗਾ: ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ’ਚ ਇੱਕ ਅਧਿਆਪਕ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਸਦੀ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸਨੇ ਆਪਣੇ ਨਾਲ ਹੋਈ 25 ਲੱਖ ਦੀ ਠੱਗੀ ਦਾ ਜ਼ਿਕਰ ਕੀਤਾ ਹੈ। ਉਸਨੇ ਆਪਣੀ ਪਤਨੀ, ਸਹੁਰੇ ਅਤੇ ਪਤਨੀ ਦੇ ਪ੍ਰੇਮੀ ਨੂੰ ਜਿੰਮੇਵਾਰ ਠਹਿਰਾਇਆ ਹੈ।
25 ਲੱਖ ਦੀ ਠੱਗੀ ਨੇ ਖ਼ੁਦਕੁਸ਼ੀ ਲਈ ਕੀਤਾ ਮਜਬੂਰ
ਸੁਸਾਈਡ ਨੋਟ ਵਿੱਚ ਪ੍ਰੋ. ਭੁਪਿੰਦਰ ਸਿੰਘ ਨੇ ਲਿਖਿਆ ਹੈ ਕਿ ਉਸ ਦੀ ਪਤਨੀ ਪਰਮਿੰਦਰ ਕੌਰ ਵਾਲੀਆ, ਸਹੁਰੇ ਰਾਜਿੰਦਰ ਸਿੰਘ ਵਾਲੀਆ ਨਿਵਾਸੀ ਪਾਤੜਾਂ ਅਤੇ ਉਨ੍ਹਾਂ ਦੇ ਡਰਾਈਵਰ ਹਰਨੀਤ ਸਿੰਘ, ਜੋ ਕਿ ਉਸ ਦੀ ਪਤਨੀ ਦਾ ਪ੍ਰੇਮੀ ਹੈ ਨੇ ਉਸ ਨਾਲ 25 ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਕਤ ਪੈਸਾ ਉਸ ਨੇ ਨੌਕਰੀ ਦਾ ਜਮ੍ਹਾ ਕੀਤਾ ਹੋਇਆ ਸੀ। ਬੀਤੇ ਕੱਲ੍ਹ ਉਸ ਦੀ ਪਤਨੀ ਪਰਮਿੰਦਰ ਕੌਰ ਵਾਲੀਆ ਅਤੇ ਡਰਾਈਵਰ ਹਰਨੀਤ ਸਿੰਘ ਨੇ ਗੰਨ ਦਿਖਾ ਕੇ ਉਸ ਨਾਲ ਮਾਰ ਕੁੱਟ ਕੀਤੀ ਅਤੇ ਉਸ ਦੇ ਹੱਥ ਵਿੱਚ ਪਾਈ ਹੋਈ ਵਿਆਹ ਦੀ ਅੰਗੂਠੀ ਵੀ ਖੋਹ ਕੇ ਲੈ ਗਏ। ਜਿਸ ਤੋਂ ਦੁਖੀ ਹੋ ਕੇ ਉਹ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਿਹਾ ਹੈ।
ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ: ਐਸਐਚਓ
ਥਾਣਾ ਕੋਟ ਈਸੇ ਖਾਂ ਦੇ ਐਸਐਚਓ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦੇ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਦੇ ਆਧਾਰ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।