ਮੋਗਾ: ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਆਪਣੀ ਰਣਨੀਤੀ ਤਹਿਤ ਮੋਗਾ ਤੋਂ ਦਿੱਲੀ ਨੂੰ ਕੂਚ ਕਰ ਰਹੀਆਂ ਹਨ। ਇਸੇ ਤਹਿਤ ਕਿਸਾਨਾਂ ਨੇ ਮੋਗਾ ਰੇਲਵੇ ਸਟੇਸ਼ਨ 'ਤੇ ਲਗਾਇਆ ਧਰਨਾ ਚੁੱਕ ਦਿੱਤਾ ਹੈ ਤੇ ਦਿੱਲੀ ਜਾਣ ਦੇ ਪ੍ਰਬੰਧਾਂ 'ਚ ਜੁੱਟ ਗਏ ਹਨ।
ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ
ਕਿਸਾਨ ਆਗੂਆਂ ਨੇ ਕਿਹਾ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਇਹ ਗੱਲ ਸਮਝ ਲਈ ਹੈ ਕਿ ਬਾਹਰ ਵੀ ਉਨ੍ਹਾਂ ਖਾਣਾ- ਪੀਣਾ, ਦਵਾਈਆਂ ਆਦਿ ਚਾਹੀਦੀਆਂ ਹਨ ਤੇ ਉਸ ਸਭ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਟਰੈਕਟਰਾਂ 'ਚ ਗੱਦੇ ਪਾ ਲਏ ਹਨ ਤੇ ਨਾਲ ਦੇ ਨਾਲ ਖਾਣ ਪੀਣ ਦੇ ਸਮਾਨ ਦਾ ਵੀ ਪ੍ਰਬੰਧ ਕਰ ਲਿਆ ਹੈ। ਧਰਨੇ 'ਚ ਬੈਠੇ ਕਿਸਾਨਾਂ ਦਾ ਪਹਿਲਾਂ ਅਭਿਆਸ ਹੋ ਗਿਆ ਹੈ ਤੇ ਹੁਣ ਉਹ ਦਿੱਲੀ ਜਾ ਕੇ ਸਰਕਾਰ ਨਾਲ ਟਾਕਰਾ ਲੈਣ ਲਈ ਤਿਆਰ ਹਨ।
ਪੰਜਾਬ ਮੋਹਰੀ ਹੋ ਕੇ ਹੱਕਾਂ ਦੀ ਲੜਾਈ ਲੜ੍ਹ ਰਿਹਾ
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਹੋਰਨਾਂ ਸੂਬੇ ਵੀ ਦਿੱਲੀ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਲੱਗ ਰਿਹਾ ਕਿ ਪੰਜਾਬ ਦੇਸ਼ ਦਾ ਜਰਨੈਲ ਬਣ ਦਿੱਲੀ ਦੀ ਹਕੂਮਤ ਨਾਲ ਲੜ੍ਹ ਰਿਹਾ ਤਾਂ ਪੰਜਾਬ ਦਾ ਹਰ ਬਾਸ਼ਿੰਦਾ ਉੱਤੇ ਮੌਜੂਦ ਹੋ ਆਪਣੇ ਹੱਕਾਂ ਦੀ ਲੜਾਈ ਲੜ੍ਹੇਗਾ ਤੇ ਦਿੱਲੀ 'ਤੇ ਧਾਵਾ ਬੋਲੇਗਾ।
ਕਿਸਾਨਾਂ ਲਈ ਹਿਦਾਇਤਾਂ
ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਕੁੱਝ ਖ਼ਾਸ ਹਿਦਾਇਤਾਂ ਦੀ ਜ਼ਰੂਰਤ ਨਹੀਂ ਹੈ। ਕਿਸਾਨ ਲਈ ਬਸ ਇਹ ਜ਼ਰੂਰੀ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਰੋਸ ਜਤਾਉਣ 'ਤੇ ਵਾਧੂ ਗੱਡੀਆਂ ਕਾਰਨ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ।
ਡੀਐਸਪੀ ਨੇ ਦਿੱਤੀ ਜਾਣਕਾਰੀ
ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਨੇ ਰੇਲਵੇ ਪਾਰਕਿੰਗ ਤੋਂ ਧਰਨਾ ਚੁੱਕ ਦਿੱਤਾ ਹੈ ਤੇ ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਫੋਰਸ ਦਾ ਇੱਕ ਮੁਲਾਜ਼ਮ ਰੇਲਵੇ 'ਤੇ ਤੈਨਾਤ ਰਹਿੰਦਾ ਹੈ।