ਮੋਗਾ: ਜ਼ਿਲ੍ਹੇ ’ਚ ਡਾਇਰੀਏ ਦਾ ਲਗਾਤਾਰ ਪ੍ਰਕੋਪ ਵਧ ਰਿਹਾ ਹੈ। ਡਾਇਰੀਏ ਕਾਰਨ ਜਿੱਥੇ ਦਰਜਨਾਂ ਮਰੀਜ਼ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਉੱਥੇ ਹੀ ਦੂਜੇ ਪਾਸੇ ਡਾਇਰੀਆ ਕਾਰਨ ਇੱਕ ਬਜ਼ੁਰਗ ਮਹਿਲਾ ਦੀ ਵੀ ਮੌਤ ਹੋ ਗਈ। ਜੇ ਗੱਲ ਕਰ ਲਈਏ ਮੋਗਾ ਦੇ ਵਾਰਡ ਨੰਬਰ 28 ਦੇ ਪ੍ਰੀਤ ਨਗਰ ਦੀ ਤਾਂ ਇੱਥੇ ਹੁਣ ਤੱਕ ਸਭ ਤੋਂ ਜ਼ਿਆਦਾ ਮਰੀਜ਼ ਡਾਇਰੀਏ ਦੇ ਸਾਹਮਣੇ ਆਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਟੂਟੀਆਂ ਵਿੱਚ ਆ ਰਹੇ ਗੰਦੇ ਪਾਣੀ ਕਾਰਨ ਵਾਰਡ ਵਾਸੀਆਂ ਨੂੰ ਦਸਤ ਉਲਟੀਆਂ ਲੱਗ ਰਹੀਆਂ ਹਨ ਅਤੇ ਇਸ ਸਬੰਧ ਵਿਚ ਕਈ ਵਾਰ ਇਸ ਵਾਰਡ ਦੇ ਕੌਂਸਲਰ ਅਤੇ ਵਾਰਡ ਵਾਸੀਆਂ ਨੇ ਨਗਰ ਨਿਗਮ ਮੋਗਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਗਰ ਨਿਗਮ ਮੋਗਾ ਵਾਰਡ ਵਾਸੀਆਂ ਦੀ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਡਾਇਰੀਆ ਕਾਰਨ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋਣ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ ਪਿਛਲੇ ਕਈ ਮਹੀਨਿਆਂ ਤੋਂ ਨਗਰ ਨਿਗਮ ਦੇ ਗੇੜੇ ਕੱਟ ਰਹੇ ਹਨ, ਪਰ ਟੂਟੀਆਂ ਵਿੱਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਅਜੇ ਤੱਕ ਹੱਲ ਨਹੀਂ ਹੋਈ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਮੁਹੱਲੇ ਦੇ ਦਰਜਨਾਂ ਲੋਕ ਡਾਇਰੀਆ ਕਾਰਨ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿ ਨਗਰ ਨਿਗਮ ਵੱਲੋਂ ਕਹਿ ਦਿੱਤਾ ਜਾਂਦਾ ਸੀ ਕਿ ਟੂਟੀਆਂ ਵਿਚਾਰੇ ਗੰਦੇ ਪਾਣੀ ਦੇ ਸੈਂਪਲ ਭਰ ਕੇ ਰੱਖੇ ਜਾਣ ਅਸੀਂ ਸੈਂਪਲ ਭਰ ਲੈਂਦੇ ਸੀ ਪਰ ਅੱਜ ਤੱਕ ਕੋਈ ਵੀ ਅਧਿਕਾਰੀ ਸੈਂਪਲ ਲੈਣ ਨਹੀਂ ਆਇਆ।
ਉੱਧਰ ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਜੋਤੀ ਬਾਲਾ ਮੱਟੂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਮੌਕੇ ’ਤੇ ਭੇਜੀਆਂ ਗਈਆਂ ਹਨ ਅਤੇ ਚੰਡੀਗੜ੍ਹ ਤੋਂ ਟੀਮ ਵੱਲੋਂ ਪਾਣੀ ਦੇ ਸੈਂਪਲ ਵੀ ਲਏ ਗਏ ਹਨ ਮੁਹੱਲੇ ਦੇ ਵਿਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਕੁਨੈਕਸ਼ਨ ਨਾਲੀਆਂ ਦੇ ਉੱਪਰ ਲੋਕਾਂ ਵੱਲੋਂ ਖੁੱਲ੍ਹੇ ਛੱਡੇ ਗਏ ਹਨ ਉਨ੍ਹਾਂ ਨੂੰ ਟੀਮਾਂ ਬਣਾ ਕੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਵੀਸੀ ਨਾਲ ਬਦਸਲੂਕੀ ਦਾ ਮਾਮਲਾ ਭਖਿਆ: ਹੁਣ ਡਾ. ਰਾਜੀਵ ਦੇਵਗਨ ਅਤੇ ਡਾ. ਕੇ.ਡੀ ਸਿੰਘ ਨੇ ਦਿੱਤਾ ਅਸਤੀਫਾ