ਮੋਗਾ: ਮੋਗਾ ਨਗਰ ਨਿਗਮ ਵਿੱਚ ਕਾਂਗਰਸ ਨੂੰ ਡਬਲ ਝਟਕਾ ਲੱਗਿਆ ਹੈ। ਇਸ ਦਾ ਅੰਦੇਸ਼ਾ ਟਿਕਟ ਵੰਡਣ ਸਮੇਂ ਤੋਂ ਹੀ ਲੱਗਣਾ ਸ਼ੁਰੂ ਹੋ ਗਿਆ ਸੀ। ਮੋਗਾ ਵਿੱਚ ਭਾਵੇਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ ਹੈ ਪਰ ਬਹੁਮਤ ਨਾ ਮਿਲਣ ਦੀ ਵਜ੍ਹਾਂ ਕਰਕੇ ਉਹ ਆਪਣੇ ਦਮ 'ਤੇ ਮੇਅਰ ਨਹੀਂ ਬਣਾ ਸਕਦੀ। ਸਿਰਫ਼ ਇੰਨਾਂ ਹੀ ਨਹੀਂ ਵਿਧਾਇਕ ਹਰਜੋਤ ਕਮਲ ਦੀ ਪਤਨੀ ਡਾਕਟਰ ਰਾਜਿੰਦਰ ਕੌਰ ਵਾਰਡ ਨੰਬਰ 1 ਤੋਂ ਹਾਰ ਗਈ ਹੈ। ਅਕਾਲੀ ਦਲ ਦੇ ਉਮੀਦਵਾਰ ਨੇ ਉਨ੍ਹਾਂ ਨੂੰ ਹਰਾਇਆ। ਬੀਜੇਪੀ ਨੇ ਮੋਗਾ ਵਿੱਚ 1 ਸਿੱਟ ਆਪਣੇ ਨਾ ਕੀਤੀ ਹੈ ਜਦਕਿ ਆਪ ਨੇ ਵੀ ਖ਼ਾਤਾ ਖੋਲਿਆ ਹੈ।
ਮੋਗਾ ਨਗਰ ਨਿਗਮ ਦੇ ਨਤੀਜੇ
ਮੋਗਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ 20 'ਤੇ ਕਾਂਗਰਸ ਨੇ ਜਿੱਤ ਹਾਸਲ ਕਰਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।ਜਦਕਿ 15 ਤੇ ਹੀ ਅਕਾਲੀ ਦਲ ਦੇ ਕੌਂਸਲਰਾਂ ਨੇ ਕਬਜ਼ਾ ਕੀਤਾ ਹੈ। ਆਪ ਦੇ 4 ਉਮੀਦਵਾਰ ਜਿੱਤੇ। ਵਾਰਡ ਨੰਬਰ 21 ਤੋਂ ਬੀਜੇਪੀ ਦੇ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ ਹੈ। ਮੋਗਾ ਵਿੱਚ 10 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਆਜ਼ਾਦ ਉਮੀਦਵਾਰ ਬਣਾਉਣਗੇ ਮੇਅਰ
ਨਗਰ ਨਿਗਮ ਦੀਆਂ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਯਾਨੀ ਮੇਅਰ ਦਾ ਅਹੁਦਾ ਹੁਣ ਆਜ਼ਾਦ ਉਮੀਦਵਾਰ ਤੈਅ ਕਰਨਗੇ। ਬਹੁਮਤ ਦੇ 26 ਕੌਂਸਲਰ ਦੀ ਜ਼ਰੂਰਤ ਹੁੰਦੀ ਹੈ। ਮੋਗਾ ਵਿੱਚ ਕਾਂਗਰਸ ਦੀ ਹਾਰ ਦੇ ਕਈ ਕਾਰਨ ਸਾਹਮਣੇ ਆਏ ਹਨ। ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੋਗਾ ਨਗਰ ਨਿਗਮ ਕਾਂਗਰਸ ਲਈ ਵੱਡੀ ਸਿਰਦਰਦੀ ਬਣ ਗਈ ਸੀ।
ਨਾਮਜ਼ਦਗੀਆਂ ਤੋਂ 2 ਦਿਨ ਪਹਿਲਾਂ ਹੀ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ। ਜਿਸ ਦੀ ਵਜ੍ਹਾਂ ਕਰਕੇ ਪਾਰਟੀ ਵਿੱਚ ਕਾਫ਼ੀ ਬਾਗ਼ੀ ਸੁਰ ਵੇਖਣ ਨੂੰ ਮਿਲੇ ਸਨ। ਹਾਲਾਂਕਿ ਮੋਗਾ ਵਿੱਚ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਹਰਜੋਤ ਕਮਲ ਜਿੱਤੇ ਸਨ, ਪਰ ਇਹ ਅਕਾਲੀ ਦਲ ਦਾ ਵੀ ਚੰਗਾ ਹੋਲਡ ਰਿਹਾ ਹੈ, ਇਸ ਲਈ ਚੋਣਾਂ ਦੌਰਾਨ ਕਾਂਗਰਸ ਨੂੰ ਇੱਥੋਂ ਕਰੜੀ ਟੱਕਰ ਮਿਲੀ।