ਮੋਗਾ : ਬੀਤੇ ਦਿਨੀਂ ਮੋਗਾ ਵਿੱਚ ਡੋਲੀ ਵਾਲੀ ਕਾਰ 'ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ 48 ਘੰਟਿਆਂ 'ਚ ਹੀ ਇਸ ਮਾਮਲੇ ਦੀ ਗੁੁੱਥੀ ਨੂੰ ਸੁਲਝਾ ਲਿਆ ਗਿਆ ਹੈ। ਮੋਗਾ ਪੁਲਿਸ ਨੇ ਖੁਲਾਸਾ ਕਰਦੇ ਹੋਏ ਆਖਿਆ ਕਿ ਪਿੰਡ ਸਿੰਘਾਵਾਲਾ ਨੇੜੇ ਡੋਲੀ ਵਾਲੀ ਕਾਰ ਸਜਾ ਕੇ ਲਿਜਾ ਰਹੇ ਟੈਕਸੀ ਡਰਾਇਵਰ ਨਵਤੇਜ ਸਿੰਘ ’ਤੇ 22 ਦਸੰਬਰ ਦੀ ਸਵੇਰੇ ਗੋਲੀਆਂ ਚਲਾ ਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਨੂੰ ਇੱਕ ਆਸ਼ਿਕ ਵੱਲੋਂ ਅੰਜ਼ਾਮ ਦਿੱਤਾ ਗਿਆ ਸੀ।
ਪਿਆਰ 'ਚ ਚਲਾਈਆਂ ਗੋਲ਼ੀਆਂ: ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਡੋਲੀ ਵਾਲੀ ਕਾਰ 'ਤੇ ਗੋਲ਼ੀਆਂ ਚਲਾਉਣ ਵਾਲਾ ਇੱਕ ਆਸ਼ਿਕ ਸੀ, ਜੋ ਟੈਕਸੀ ਡਰਾਇਵਰ ਨਵਤੇਜ ਸਿੰਘ ਦੀ ਪਤਨੀ ਨੂੰ ਪਿਆਰ ਕਰਦਾ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਕਾਬਲੇਜ਼ਿਕਰ ਹੈ ਲੜਕੀ ਅਤੇ ਬਲਜੀਤ ਦੀ ਜਾਣ-ਪਛਾਣ ਫੇਸਬੁੱਕ ਜਰੀਏ ਹੋਈ ਸੀ ਪਰ ਲੜਕੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਬਲਜਿੰਦਰ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।
ਬਲਜੀਤ ਨੇ ਸਾਥੀਆਂ ਨਾਲ ਮਿਲ ਕੀਤਾ ਹਮਲਾ: ਪੁਲਿਸ ਨੇ ਦੱਸਿਆ ਕਿ ਬਲਜੀਤ ਨੇ ਆਪਣੇ ਸਾਥੀਆਂ ਬਲਜਿੰਦਰ ਸਿੰਘ ਅਤੇ ਰਿੰਕੂ ਨਾਲ ਇਕ ਪਲਾਨ ਤਿਆਰ ਕੀਤਾ ਜਿਸ ਤਹਿਤ ਵਿਜੇਤਾ ਦੇ ਪਤੀ ਨਵਤੇਜ ਸਿੰਘ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਉਸਦੀ ਗੱਡੀ ਬੁੱਕ ਕਰਵਾ ਕੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਲਜੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
22 ਦਸੰਬਰ ਨੂੰ ਚੱਲੀਆਂ ਸੀ ਗੋਲੀਆਂ: ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਨੇੜੇ ਅਣਪਛਾਤੇ ਵਿਅਕਤੀਆਂ ਨੇ ਡੋਲੀ ਵਾਲੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਸੀ। ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਡਰਾਈਵਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਸੀ।
ਮੁਲਜ਼ਮਾਂ ਨੇ 2 ਦਿਨ ਪਹਿਲਾਂ ਹੀ ਡੋਲੀ ਲਈ ਕਾਰ ਕੀਤੀ ਸੀ ਬੁੱਕ: ਜਾਣਕਾਰੀ ਮੁਤਾਬਿਕ ਹਮਲਾਵਰਾਂ ਨੇ ਵਿਆਹ ਲਈ ਕਾਰ ਦੋ ਦਿਨ ਪਹਿਲਾਂ ਹੀ ਬੁੱਕ ਕਰਵਾਈ ਸੀ। ਡਰਾਈਵਰ ਕਾਰ ਬੁੱਕ ਕਰਵਾਉਣ ਵਾਲੇ ਲੋਕਾਂ ਨਾਲ ਬਾਘਾਪੁਰਾਣਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਿੰਘਾਵਾਲਾ ਨੇੜੇ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਏ। ਗੋਲੀ ਲੱਗਣ ਤੋਂ ਬਾਅਦ ਡਰਾਈਵਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਰਕਾਰੀ ਹਸਪਤਾਲੀ ਵਿੱਚ ਦਾਖਲ ਕਰਵਾਇਆ, ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਰਟਰਾਂ ਨੇ ਉਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ।