ਮੋਗਾ: ਸਥਾਨਿਕ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਮਰੀਜ਼ਾਂ ਦੀ ਦੇਖ-ਭਾਲ ਨਾ ਕਰਨ ਅਤੇ ਵਧਾਈਆਂ ਮੰਗਣ ਦੇ ਇਲਜ਼ਾਮ ਹਸਪਤਾਲ ਦੇ ਕਰਮੀਆਂ 'ਤੇ ਲੱਗੇ ਹਨ। ਰਾਤ ਸਮੇਂ ਕੁਝ ਗਰਭਵਤੀ ਔਰਤਾਂ ਪਾਰਕਿੰਗ ਵਿੱਚ ਸੌਂ ਲਈ ਮਜ਼ਬੂਰ ਹਨ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਸਪਤਾਲ 'ਚ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਗਰਭਵਤੀ ਔਰਤ ਨੇ ਦੱਸਿਆ ਕਿ ਉਸ ਦੇ ਜਨੇਪੇ ਦਾ ਸਮਾਂ ਕੱਲ ਹੈ ਅਤੇ ਉਹ ਅੱਜ ਰਾਤ ਬਾਹਰ ਸੌਂ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਹਸਪਤਾਲ ਦੇ ਅਮਲੇ ਵੱਲੋਂ ਉਨ੍ਹਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅੰਦਰ ਬੈੱਡ ਨਹੀਂ ਹਨ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਮਿਤ ਪੁਰੀ ਨੇ ਕਿਹਾ ਕਿ ਹਸਪਤਾਲ ਵਿੱਚ ਨਰਸਾਂ ਅਤੇ ਬਾਕੀ ਅਮਲੇ ਦਾ ਵਿਵਹਾਰ ਬਿਲਕੁਲ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿਹਾ ਕਿ ਸਰਕਾਰ ਦੇ ਸਾਰੇ ਪ੍ਰਬੰਧ ਮੋਗਾ ਹਸਪਤਾਲ ਵਿੱਚ ਫੇਲ ਹੁੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਣਗਿਹਲੀ ਵਰਤਣ ਵਾਲੇ ਅਮਲੇ 'ਤੇ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਵੱਲੋਂ ਡਾਕਟਰ ਰਾਜੇਸ਼ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰਾ ਮਾਮਲਾ ਐੱਸਐੱਮਓ ਦੇ ਧਿਆਨ ਵਿੱਚ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਇਸ ਬਾਰੇ ਵਿਸਥਾਰ 'ਚ ਐੱਸਐੱਮਓ ਹੀ ਦੱਸ ਸਕਦੇ ਹਨ।