ਮਾਨਸਾ: ਪੰਜਾਬ ਸਰਕਾਰ (Government of Punjab) ਵੱਲੋਂ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਦੇ ਬਾਵਜੂਦ ਉੱਚ ਯੋਗਤਾ ਰੱਖਣ ਵਾਲੇ ਨੌਜਵਾਨ ਨੌਕਰੀ ਲਈ ਸੰਘਰਸ਼ ਕਰਦੇ ਸੜਕਾਂ ਉੱਤੇ ਆਮ ਵਿਖਾਈ ਦਿੰਦੇ ਹਨ। ਪਰ ਮਾਨਸਾ ਦੇ ਪਿੰਡ ਬੀਰ ਖੁਰਦ ਦਾ 27 ਸਾਲਾਂ ਨੌਜਵਾਨ ਸੁਖਜੀਤ ਸਿੰਘ ਬੀ.ਏ. (BA), ਬੀ.ਐਡ. (B.Ed.), ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਅਤੇ ਕੇਂਦਰੀ ਅਧਿਆਪਕ ਯੋਗਤਾ ਟੈਸਟ (CTET) ਦੀ ਉੱਚ ਯੋਗਤਾ ਹੋਣ ਦੇ ਬਾਵਜੂਦ ਸੜਕਾਂ ਉੱਤੇ ਸੰਘਰਸ਼ ਕਰਨ ਦੇ ਨਾਲ-ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਖੇਤਾਂ ਵਿੱਚ ਦਿਹਾੜੀ ਉੱਤੇ ਝੋਨੇ ਦੀ ਬਿਜਾਈ ਕਰਨ ਲਈ ਮਜ਼ਬੂਰ ਹੈ। ਸੁਖਜੀਤ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਸਰਕਾਰ ਕੋਲੋਂ ਯੋਗਤਾ ਦੇ ਆਧਾਰ ਉੱਤੇ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਉਸਨੇ ਕਿਹਾ ਕਿ ਸਰਕਾਰ ਨੇ ਇਸ ਵਾਰ ਪੋਸਟਾਂ ਕੱਢੀਆਂ ਸਨ, ਪਰ ਪੋਸਟਾਂ ਦੀ ਗਿਣਤੀ ਬਹੁਤ ਘੱਟ ਸੀ। ਉਸਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਪ੍ਰਾਇਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਆਏ ਬੱਚਿਆਂ ਦੀ ਗਿਣਤੀ ਕਰੀਬ 4 ਲੱਖ ਹੈ, ਇਸ ਲਈ ਸਰਕਾਰ ਨੂੰ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਅਧਿਆਪਕਾਂ ਦੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਮਿਲ ਸਕੇ।
ਪੜ ਲਿਖ ਕੇ ਬੇਰੁਜ਼ਗਾਰੀ ਵਿੱਚ ਘਿਰੇ ਸੁਖਜੀਤ ਸਿੰਘ ਲਈ ਪਰਿਵਾਰ ਅਤੇ ਦੋਸਤ ਸਰਕਾਰ ਕੋਲੋਂ ਨੌਕਰੀ ਦੀ ਮੰਗ ਕਰ ਰਹੇ ਹਨ। ਸੁਖਜੀਤ ਸਿੰਘ ਦੇ ਪਿਤਾ ਨਿੱਕਾ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਨੇ ਪੜਾਈ ਲਈ ਕਾਫ਼ੀ ਮਿਹਨਤ ਕੀਤੀ ਹੈ ਤੇ ਸਰਕਾਰ ਨੂੰ ਯੋਗਤਾ ਅਨੁਸਾਰ ਨੌਕਰੀ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਖੇਤਾਂ ਤੋਂ ਪਿੱਛਾ ਛੁਡਾ ਸਕੀਏ। ਉਥੇ ਹੀ ਸੁਖਜੀਤ ਸਿੰਘ ਦੇ ਦੋਸਤ ਮੱਖਣ ਸਿੰਘ ਨੇ ਕਿਹਾ ਕਿ ਸੁਖਜੀਤ ਸਿੰਘ ਵਰਗੇ ਅਨੇਕਾਂ ਨੌਜਵਾਨ ਉੱਚ ਯੋਗਤਾ ਪ੍ਰਾਪਤ ਹੋਣ ਦੇ ਬਾਵਜੂਦ ਬੇਰੁਜ਼ਗਾਰ ਹਨ ਅਤੇ ਝੋਨੇ ਦੀ ਬਿਜਾਈ ਕਰਨ ਨੂੰ ਮਜਬੂਰ ਹਨ। ਉਨ੍ਹਾਂ ਸਰਕਾਰ ਕੋਲੋਂ ਨੌਜਵਾਨਾਂ ਲਈ ਨੌਕਰੀ ਦੀ ਮੰਗ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਤੁਰੰਤ ਨੌਕਰੀ ਦੇਣਾ ਸਰਕਾਰ ਦੀ ਜ਼ਿੰਮੇਦਾਰੀ ਹੈ।
ਇਹ ਵੀ ਪੜੋ: ਠਾਕੁਰ ਦੁਆਰਾ ਦੇ ਮਹੰਤ ਪੀੜ੍ਹੀਆਂ ਤੋਂ ਕਰ ਰਹੇ ਦੰਦਾਂ ਦਾ ਮੁਫ਼ਤ ਇਲਾਜ