ਮਾਨਸਾ: 16 ਮਾਰਚ 2017 ਨੂੰ ਕਾਂਗਰਸ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲੀ ਸੀ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵਾਅਦੇ ਕੀਤੇ ਗਏ ਸਨ ਅਤੇ ਬਕਾਇਦਾ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਸੀ। ਕਾਂਗਰਸ ਦੀ ਸਰਕਾਰ ਬਣਿਆ ਤਿੰਨ ਸਾਲ ਹੋ ਗਏ ਹਨ। ਸਰਕਾਰ ਵੱਲੋਂ ਕੀਤੇ ਗਏ ਵਾਅਦੇ ਇਨ੍ਹਾਂ ਤਿੰਨ ਸਾਲਾਂ 'ਚੋਂ ਕਿੰਨੇ ਪੂਰੇ ਹੋਏ, ਇਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਮਾਨਸਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ।
ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ, ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਰਜ਼ਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ ਅਤੇ ਕਿਸਾਨਾਂ ਦਾ ਸਰਕਾਰੀ ਤੇ ਪ੍ਰਾਈਵੇਟ ਪੂਰਨ ਕਰਜ਼ ਮਾਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਨੇ ਬੇਸ਼ੱਕ ਕਿਸਾਨਾਂ ਦਾ ਨਿਗੂਣਾ ਕਰਜ਼ਾ ਮੁਆਫ਼ ਕੀਤਾ ਪਰ ਪੂਰਨ ਰੂਪ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਅੱਜ ਵੀ ਕਿਸਾਨਾਂ ਦੀ ਕਰਜ਼ 'ਚੋਂ ਜ਼ਮੀਨ ਨਿਲਾਮ ਹੋ ਰਹੀ ਹੈ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਉਸੇ ਤਰ੍ਹਾਂ ਜਾਰੀ ਹਨ।
ਸਿਮਰਜੀਤ ਕੌਰ ਸਿੰਮੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਤਿੰਨ ਸਾਲਾਂ ਦੌਰਾਨ ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਕਿਸੇ ਵੀ ਵਾਅਦਿਆਂ 'ਤੇ ਸਰਕਾਰ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਾ ਵੀ ਸ਼ਰੇਆਮ ਵਿਕ ਰਿਹਾ ਹੈ ਅਤੇ ਸਰਕਾਰ ਨੇ ਜੋ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉਸ 'ਤੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਅਤੇ ਪੰਜਾਬ ਵਿੱਚ ਅੱਜ ਵੀ ਮਹਿਲਾਵਾਂ 'ਤੇ ਅੱਤਿਆਚਾਰ ਹੋ ਰਹੇ ਹਨ, ਜਿਸ ਦੇ ਚੱਲਦੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤਿੰਨ ਸਾਲਾਂ 'ਚ ਨਾ ਮਾਤਰ ਰਹੀ ਹੈ।
ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮਜ਼ਦੂਰ ਵਰਗ ਨਾਲ ਵਾਅਦੇ ਬਹੁਤ ਸਾਰੇ ਕੀਤੇ ਸਨ, ਜਿਸ ਵਿੱਚ ਪੰਜ-ਪੰਜ ਮਰਲੇ ਦੇ ਪਲਾਟ ਦੇਣੇ, ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦਾ ਕਰਜ਼ ਮਾਫ਼ ਕਰਨਾ, ਕਿਸਾਨਾਂ ਦੀਆਂ ਬੇਟੀਆਂ ਨੂੰ 31 ਹਜ਼ਾਰ ਰੁਪਏ ਸ਼ਗਨ ਸਕੀਮ ਦੇਣਾ ਆਦਿ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਇਨ੍ਹਾਂ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ, ਜਿਸ ਕਾਰਨ ਮਜ਼ਦੂਰ ਵਰਗ ਵੀ ਕਰਜੇ ਦੇ ਕਾਰਨ ਕਿਸਾਨਾਂ ਦੀ ਤਰ੍ਹਾਂ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਕਾਂਗਰਸ ਸਰਕਾਰ ਦੀ ਤਿੰਨ ਸਾਲਾਂ ਦੌਰਾਨ ਕਾਰਜ ਪ੍ਰਣਾਲੀ ਚਿੰਤਾਜਨਕ ਰਹੀ ਹੈ।
ਇਹ ਵੀ ਪੜੋ: ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ
ਵਿਦਿਆਰਥੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਮਾਰਟਫੋਨ, ਘਰ-ਘਰ ਰੁਜ਼ਗਾਰ ਦੇਣ ਅਤੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਨਾ ਤਾਂ ਵਿਦਿਆਰਥੀਆਂ ਨੂੰ ਸਮਾਰਟਫੋਨ ਮਿਲੇ ਹਨ ਅਤੇ ਨਾ ਹੀ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਮਿਲਿਆ ਹੈ ਅਤੇ ਕਾਂਗਰਸ ਸਰਕਾਰ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।