ਚੰਡੀਗੜ੍ਹ: ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ, ਜਿੱਥੇ ਇਹ ਦਰਿਆ ਇਸ ਧਰਤੀ ਦਾ ਮਾਣ ਹਨ, ਉੱਥੇ ਹੀ ਇਹ ਦਰਿਆ ਪੰਜਾਬ ਦੇ ਲਈ ਕਈ ਮੁਸੀਬਤਾਂ ਵੀ ਨਾਲ ਲੈ ਕੇ ਆਉਦੇ ਹਨ। ਜਿਵੇਂ ਹੀ ਮੀਂਹ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਇਹ ਦਰਿਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹਾ ਦਾ ਸਬੱਬ ਬਣਦੇ ਹਨ।
ਇਸ ਵਾਰ ਵੀ ਜਦੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਭਾਖੜਾ ਡੈਮ ਵਿੱਚੋਂ ਪਾਣੀ ਛੱਡਿਆਂ ਤਾਂ ਰੋਪੜ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀਆਂ ਉਪਜਾਊ ਜ਼ਮੀਨ ਰੋੜ੍ਹ ਕੇ ਲੈ ਗਿਆ।
ਜੇਕਰ ਘੱਗਰ ਦੀ ਗੱਲ ਕਰੀਏ ਤਾਂ ਹਰ ਵਰ੍ਹੇ ਮੀਂਹ ਦੇ ਮੌਸਮ ਵਿੱਚ ਇਸ ਦਰਿਆ ਵਿੱਚ ਪਾੜ ਪੈਣ ਕਾਰਨ ਸੰਗਰੂਰ, ਪਟਿਆਲਾ, ਅਤੇ ਮਾਨਸਾ ਜ਼ਿਲ੍ਹਾ ਵੱਡੇ ਪੱਧਰ 'ਤੇ ਪ੍ਰਭਾਵਿਤ ਹੁੰਦੇ ਹਨ। ਇਸ ਸਮੱਸਿਆ ਨੂੰ ਲੈ ਕੇ ਹੁਣ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਐਸਡੀਐਮ ਨੂੰ ਮਿਲੇ। ਮਾਨ ਨੇ ਕਿਹਾ ਕਿ ਘੱਗਰ ਦਰਿਆ ਲਈ ਫੰਡ ਜਾਰੀ ਹੋ ਚੁੱਕੇ ਹਨ। ਓਧਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਰਜਬਾਹੇ 'ਚ ਪਾੜ ਪੈਣ ਕਾਰਨ ਕਿਸਾਨਾਂ ਦੀ 400 ਏਕੜ ਤੋਂ ਜ਼ਿਆਦਾ ਝੋਨੇ ਅਤੇ ਨਰਮੇ ਦੀ ਫਸਲ ਤਬਾਹ ਹੋ ਗਈ।
ਕਿਸਾਨ ਗੁਰਪਿਆਰ ਸਿੰਘ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਇਸ ਰਜਬਾਹੇ 'ਚ ਪਾੜ ਪਿਆ ਸੀ, ਜਿਸ ਦੇ ਕਾਰਨ ਦੋ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਇਹ ਪਾੜ ਭਰਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਖੁਦ ਇਸ ਪਾੜ ਨੂੰ ਭਰਨ ਵਿੱਚ ਲੱਗੇ ਹੋਏ ਹਨ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਗਈ।
ਉੱਥੇ ਹੀ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਰਜਬਾਹੇ ਦੀ ਸਫ਼ਾਈ ਨਹੀਂ ਕਰਵਾਈ ਜਾਂਦੀ, ਜਿਸ ਦੇ ਕਾਰਨ ਬਹੁਤ ਵਾਰ ਪਹਿਲਾਂ ਵੀ ਇਹ ਰਜਬਾਹੇ ਟੁੱਟ ਚੁੱਕੇ ਹਨ ਤੇ ਕਿਸਾਨਾਂ ਦੀ ਫ਼ਸਲ ਤਬਾਹ ਕਰ ਦਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋ ਚੁੱਕੀ ਫ਼ਸਲ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਉੱਥੇ ਹੀ ਨਹਿਰੀ ਵਿਭਾਗ ਦੇ ਐਸਡੀਓ ਅਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਤੇਜ਼ ਮੀਂਹ ਤੇ ਝੱਖੜ ਦੇ ਕਾਰਨ ਰਜਬਾਹੇ ਵਿੱਚ ਪਾੜ ਪਿਆ ਹੈ ਅਤੇ ਇਸ ਨੂੰ ਭਰਨ ਦੇ ਲਈ ਵਿਭਾਗ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਵਿੱਚ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜੋ: ਬੇਅਦਬੀ ਮਾਮਲੇ ਵਿੱਚ ਰਾਮ ਰਹੀਮ ਨਾਮਜ਼ਦ, SIT ਨੇ ਪੇਸ਼ ਕੀਤਾ ਚਲਾਨ
ਹਰ ਵਰ੍ਹੇ ਦਰਿਆਵਾਂ ਤੇ ਰਜਬਾਹਿਆਂ ਵਿੱਚ ਮੀਂਹ ਦੇ ਮੌਸਮ ਦੌਰਾਨ ਹਜ਼ਾਰਾਂ ਏਕੜ ਫਸਲ ਪਾੜ ਪੈਣ ਕਾਰਨ ਤਬਾਹ ਹੋ ਜਾਂਦੀ ਹੈ। ਸਮੇਂ ਦੀਆਂ ਸਰਕਾਰਾਂ ਹਰ ਵਾਰ ਇਨ੍ਹਾਂ ਦਾ ਹੱਲ ਕਾਰਨ ਦੇ ਦਾਅਵੇ-ਵਾਅਦੇ ਕਰਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਕਦੇ ਵੀ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ।