ਮਾਨਸਾ :ਸ਼ਹਿਰਾਂ ਤੇ ਕਸਬਿਆਂ 'ਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ ਤੇ ਇਹ ਆਵਾਰਾ ਕੁੱਤੇ ਹਰ ਦਿਨ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜਿਸ ਕਾਰਨ ਲਗਾਤਾਰ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਕੁੱਤੇ ਦੇ ਕੱਟਣ ਨਾਲ ਹਲਕਾਅ ਤੋਂ ਬਚਾਉਣ ਦੇ ਲਈ ਐਂਟੀ ਰੈਬੀਜ ਵੈਕਸੀਨ (ARV) ਅਤੇ ਰੈਬੀਜ ਇਮਿਊਨੋਗਲੋਬਿਨ ( RI) ਵੈਕਸੀਨ ਦਾ ਟੀਕਾਕਰਨ ਕੀਤਾ ਜਾਂਦਾ ਹੈ। ਸਿਵਲ ਹਸਪਤਾਲ ਮਾਨਸਾ 'ਚ ਰੇਬੀਜ ਵੈਕਸੀਨ ਦੀ ਉਪਲਬਧਤਾ ਨੂੰ ਲੈ ਕੇ ਈਟੀਵੀ ਭਾਰਤ ਨੇ ਕੀਤੀ ਪੜਤਾਲ।
ਸਥਾਨਕ ਵਾਸੀਆਂ ਨੇ ਕਿਹਾ ਕਿ ਦਿਨੋਂ ਦਿਨ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਕੁੱਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਅਵਾਰਾ ਕੁੱਤੇ ਰਸਤੇ 'ਚ ਜਾਂਦੇ ਰਾਹਗੀਰਾਂ ਨੂੰ ਜਿੱਥੇ ਹਾਦਸੇ ਦਾ ਸ਼ਿਕਾਰ ਬਣਾਉਂਦੇ ਨੇ ਉਥੇ ਹੀ ਇਹ ਅਵਾਰਾ ਕੁੱਤੇ ਝੁੰਡ ਦੇ ਰੂਪ 'ਚ ਇਕੱਲੇ ਵਿਅਕਤੀ ਜਾਂ ਬੱਚਿਆਂ ਉੱਤੇ ਹਮਲਾ ਕਰ ਦਿੰਦੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਕੇ ਇਨ੍ਹਾਂ ਤੋਂ ਨਿਜਾਤ ਦਿਵਾਈ ਜਾਵੇ ਤਾਂ ਜੋਂ ਬੱਚਿਆਂ ਸਣੇ ਲੋਕਾਂ ਨੂੰ ਰੇਬੀਜ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।
ਇਸ ਸਬੰਧੀ ਸਿਵਲ ਸਰਜਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਕੁੱਤਿਆਂ ਦੇ ਕੱਟਣ ਸਬੰਧੀ ਮਾਮਲੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ 2020 ਤੋਂ ਲੈ ਕੇ 31 ਜਨਵਰੀ 2021 ਤੱਕ ਸਿਵਲ ਹਸਪਤਾਲ ਮਾਨਸਾ 'ਚ ਕੁੱਤਿਆਂ ਵੱਲੋਂ ਕੱਟਣ ਦੇ ਤਕਰੀਬਨ 2581 ਮਾਮਲੇ ਆਏ ਹਨ। ਉਨ੍ਹਾਂ ਦੱਸਿਆ ਕਿ ਕੁੱਤਿਆਂ ਦੇ ਕੱਟਣ ਨਾਲ ਹਲਕਾਅ ਤੋਂ ਬਚਾਅ ਤੇ ਰੇਬੀਜ ਤੋਂ ਬਚਾਅ ਲਈ ਸਿਵਲ ਹਸਪਤਾਲ ਵੱਲੋਂ ਮਰੀਜ਼ਾਂ ਲਈ ਰੇਬੀਜ ਵੈਕਸੀਨ ਉਪਲੱਬਧ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਸਿਵਲ ਹਸਪਤਾਲਾਂ ਦੇ 'ਚ ਦੋ ਦਵਾਈਆਂ ਐਂਟੀ ਰੈਬੀਜ ਵੈਕਸੀਨ (ARV) ਅਤੇ ਰੈਬੀਜ ਇਮਿਊਨੋਗਲੋਬਿਨ ( RI) ਵੈਕਸੀਨ ਦਾ ਟੀਕਾ ਉਪਲੱਬਧ ਹੈ। ਇਹ ਦਵਾਈ ਐਂਟੀ ਰੈਬੀਜ ਵੈਕਸੀਨ 0.1ml ਤੇ 0.3728 ਡੋਜ਼ ਦਿੱਤੀ ਜਾਂਦੀ ਹੈ। ਇਹ ਦੋਵੇਂ ਦਵਾਈਆਂ ਮੋਢਿਆਂ 'ਤੇ ਲਗਾਈ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਚੋਂ ਇੱਕ ਮਹੀਨੇ 'ਚ ਔਸਤਨ 250 ਮਰੀਜ਼ ਆਉਂਦੇ ਹਨ ਤੇ ਰੋਜ਼ਾਨਾ 8 ਤੋਂ 10 ਕੇਸ ਅਜਿਹੇ ਆਉਂਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਏਆਰਵੀ ਦਵਾਈ ਮੁਫ਼ਤ ਹੈ, ਜਦੋਂ ਕਿ ਪ੍ਰਾਈਵੇਟ ਤੌਰ 'ਤੇ ਮਰੀਜ਼ਾਂ ਨੂੰ ਇਹ ਦਵਾਈ 350 ਤੋਂ 400 ਰੁਪਏ ਤੱਕ ਰੇਟ ਵਿੱਚ ਮਿਲਦੀ ਹੈ। ਉਨ੍ਹਾਂ ਲੋਕਾਂ ਨੂੰ ਕੁੱਤੇ ਦੇ ਵੰਡਣ 'ਤੇ ਸਿਵਲ ਹਸਪਤਾਲ ਪਹੁੰਚ ਕੇ ਜਲਦ ਤੋਂ ਜਲਦ ਐਂਟੀ ਰੈਬੀਜ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ।
ਇਹ ਵੀ ਪੜ੍ਹੋ:ਜਾਣੋ ਮਲੇਰਕੋਟਲਾ ਸ਼ਹਿਰ ਦਾ ਮੁਬਾਰਕ ਮੰਜ਼ਿਲ ਮਹਿਲ ਦਾ ਇਤਿਹਾਸ