ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮਾਨਸਾ ਵਿੱਚ ਕਿਸਾਨਾਂ ਦਾ ਰੇਲ ਰੋਕ ਅੰਦੋਲਨ 16ਵੇਂ ਦਿਨਾ ਵੀ ਜਾਰੀ ਰਿਹਾ। ਧਰਨੇ ਵਿੱਚ 16ਵੇਂ ਦਿਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਕੰਵਰ ਗਰੇਵਾਲ ਅਤੇ ਹਰਫ ਚੀਮਾ ਨੇ ਵੀ ਸ਼ਮੂਲੀਅਤ ਕੀਤੀ। ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਚੰਗੇ ਗਾਇਕਾਂ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਜਾਵੇਗਾ ਪਰ ਲੱਚਰ ਗਾਇਕੀ ਵਾਲੇ ਗਾਇਕਾਂ ਨੂੰ ਸਟੇਜ ਉੱਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਧਰਨੇ 'ਚ ਸ਼ਾਮਿਲ ਹੋਏ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਹਰਫ ਚੀਮਾ ਨੇ ਕਿਹਾ ਕਿ ਹਾਲੇ ਤਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਾਮਬੰਦੀ ਹੋ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਐਕਸ਼ਨ ਵੀ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹੋ ਅਰਦਾਸ ਹੈ ਕਿ ਸਾਰੀਆਂ ਕਿਸਾਨ ਜਥੇਬਦੀਆਂ, ਕਿਸਾਨ, ਕਲਾਕਾਰ ਇਕੱਠੇ ਹੰਭਲਾ ਮਾਰੀਏ ਤੇ ਜਿੱਤ ਕੇ ਘਰੇ ਚਲੀਏ।
ਉੱਥੇ ਹੀ ਕਿਸਾਨ ਆਗੂ ਰੂਲਦੂ ਸਿੰਘ ਨੇ 25 ਸਤੰਬਰ ਨੂੰ ਪੰਜਾਬ ਬੰਦ ਦੇ ਮੌਕੇ ਅਲੱਗ ਤੋਂ ਧਰਨਾ ਲਾਉਣ ਵਾਲੇ ਸਿੱਧੂ ਮੂਸੇ ਵਾਲੇ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਨੇ ਆਪਣੀ ਵੱਖ ਸਟੇਜ ਲਗਾਕੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸ ਨੂੰ ਉਹ ਚੰਗਾ ਨਹੀਂ ਮੰਨਦੇ।
ਉਨ੍ਹਾਂ ਕਿਹਾ ਕਿ ਧਰਨੇ ਸੰਘਰਸ਼ ਵਿੱਚ ਆਉਣਾ ਹਰ ਕਿਸੇ ਦਾ ਅਧਿਕਾਰ ਹੈ ਅਤੇ ਲੋਕ ਆ ਵੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ, ਮਜ਼ਦੂਰ, ਔਰਤਾਂ ਧਰਨੇ ਵਿੱਚ ਸ਼ਾਮਿਲ ਹੋ ਰਹੀਆਂ ਹਨ ਤਾਂ ਗਾਇਕ ਵੀ ਧਰਨੇ ਵਿੱਚ ਆ ਸਕਦੇ ਹਨ ਪਰ ਸਾਡੀ ਸਟੇਜ 'ਤੇ ਬੋਲਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਪੂਰੇ ਪੰਜਾਬ ਦਾ ਫੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਗੀਤ ਵੀ ਉਸੇ ਗਾਇਕ ਦਾ ਲਗਾਇਆ ਜਾਵੇਗਾ, ਜਿਨ੍ਹੇ ਪਹਿਲਾਂ ਕਿਸਾਨਾਂ ਦੇ ਹੱਕ ਵਿੱਚ ਕੋਈ ਗੀਤ ਗਾਇਆ ਹੋਵੇ। ਕਿਸੇ ਵੀ ਲੱਚਰ ਗਾਇਕੀ ਗਾਉਣ ਵਾਲੇ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ।