ਮਾਨਸਾ: ਜਲੰਧਰ ਦੀ ਜ਼ਿਮਨੀ ਚੋਣ 'ਆਪ' ਖ਼ਿਲਾਫ਼ ਚੋਣ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 'ਆਪ' ਖ਼ਿਲਾਫ਼ ਪ੍ਰਚਾਰ ਕੀਤਾ।ਜਿਸ ਤੋਂ ਬਾਅਦ ਬਲਕੌਰ ਸਿੰਘ ਨੇ ਅੱਜ ਐਤਵਾਰ ਨੂੰ ਪਿੰਡ ਮੂਸਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਪਾਰਟੀ ਦਾ ਸ਼ੋਸ਼ਲ ਮੀਡੀਆ ਉੱਤੇ ਹੀ ਅੰਤ ਕਰੇਗਾ। ਉਨ੍ਹਾਂ ਕਿਹਾ ਕਿ 1 ਸਾਲ ਦੇ ਕਰੀਬ ਸਮਾਂ ਬੀਤ ਚੁੱਕਿਆ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਪੁੱਤਰ ਦਾ ਇਨਸਾਫ਼ ਨਹੀਂ ਮਿਲਿਆ ਤੇ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕ ਰਹੇ ਹਨ।
ਬਲਕੌਰ ਸਿੰਘ ਨੇ ਜਲੰਧਰ ਦੇ ਲੋਕਾਂ ਦਾ ਕੀਤਾ ਧੰਨਵਾਦ:- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਲੰਧਰ ਦੀ ਜ਼ਿਮਨੀ ਚੋਣ ਤੋਂ ਵਾਪਸ ਆਉਣ ਤੇ ਅੱਜ ਐਤਵਾਰ ਨੂੰ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੁੱਤਰ ਦਾ ਇਨਸਾਫ ਲੈਣ ਲਈ ਸਰਕਾਰਾਂ ਦੇ ਕੋਲ ਚੱਕਰ ਲਗਾ ਰਹੇ ਹਨ। ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਉਹ ਜਲੰਧਰ ਵਿਖੇ ਰੋਸ ਮਾਰਚ ਕਰਨ ਲਈ ਗਏ ਸਨ, ਜਿੱਥੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਿਸ ਦੇ ਲਈ ਉਹ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ।
ਮੰਤਰੀ ਹਰਪਾਲ ਚੀਮਾ 'ਤੇ ਸ਼ਬਦੀ ਵਾਰ:- ਬਲਕੌਰ ਸਿੰਘ ਨੇ ਕਿਹਾ ਕਿ ਹਰਪਾਲ ਚੀਮਾ ਬਿਆਨਬਾਜ਼ੀ ਕਰ ਰਹੇ ਹਨ ਕਿ ਮੈਂ ਰਾਜਨੀਤੀ ਕਰ ਰਿਹਾ ਹਾਂ, 'ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ' ਕਿ ਜਿਸ ਦੇ ਪੁੱਤਰ ਦਾ ਦਿਨ ਦਿਹਾੜੇ ਕਤਲ ਹੋ ਜਾਵੇ ਅਤੇ ਇਨਸਾਫ਼ ਨਾ ਮਿਲੇ ਤਾਂ ਉਹ ਰਾਜਨੀਤੀ ਕਰ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਂਗ ਰਾਜਨੀਤੀ ਹਰਪਾਲ ਚੀਮਾ ਵੀ ਕਰੇ ਅਤੇ ਉਨ੍ਹਾਂ ਨੂੰ ਵੀ ਇਹ ਰਾਜਨੀਤੀ ਨਸੀਬ ਹੋਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਦੇਣ ਅਤੇ ਹੋਰ ਕਿਸੇ ਵੀ ਪਾਰਟੀ ਨੂੰ ਵੋਟ ਦੇ ਸਕਦੇ ਹਨ ਜਾ ਫਿਰ ਨੋਟਾ ਦਾ ਬਟਨ ਦਬਾ ਕੇ ਸਰਕਾਰ ਦੀਆਂ ਨਕਾਮੀਆਂ ਦਿਖਾ ਸਕਦੇ ਹਨ।
ਮੰਤਰੀ ਮੀਤ ਹੇਅਰ ਨੂੰ ਜਵਾਬ:- ਇਸ ਦੌਰਾਨ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਮੀਤ ਹੇਅਰ ਕਹਿੰਦੇ ਹਨ ਕਿ ਲੰਬੇ ਸਮੇਂ ਤੋਂ ਕਤਲ ਹੋ ਰਹੇ ਹਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਤਲ ਸ਼ੁਰੂ ਨਹੀਂ ਹੋਏ। ਬਲਕੌਰ ਸਿੰਘ ਨੇ ਮੀਤ ਹੇਅਰ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਫਿਰ 'ਆਪ' ਇਸ ਨੂੰ ਕਿਉਂ ਨਹੀਂ ਰੋਕ ਰਹੀ। ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਅਜਿਹੀ ਬੇਤੁਕੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਬਲਕਾਰ ਸਿੰਘ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਇੱਕ ਸਾਲ ਬੀਤ ਚੁੱਕਿਆ ਹੈ। ਪਰ ਸਰਕਾਰ ਨੇ 1 ਸਾਲ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਨੰਗਲ ਅੰਬੀਆਂ ਦੀ ਪਤਨੀ ਦੀ ਵੀਡੀਓ ਵਾਇਰਲ ਕਰਵਾ ਕੇ ਸਰਕਾਰ ਦਾ ਧੰਨਵਾਦ ਕਰਵਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਇਹ ਸਭ ਚੋਣ ਸਟੰਟ ਕਰ ਰਹੀ ਹੈ।
ਇਹ ਵੀ ਪੜ੍ਹੋ:- Loot In Amritsar: ਅਣਪਛਾਤੇ ਲੁਟੇਰਿਆਂ ਨੇ ਦਾਤਰਾਂ ਨਾਲ ਹਮਲਾ ਕਰਕੇ ਕਬਾੜੀ ਵਾਲੇ ਤੋਂ ਖੋਹਿਆ ਸਕੂਟਰ ਤੇ ਨਕਦੀ