ਮਾਨਸਾ: ਬੁਢਲਾਡਾ ਵਿਖੇ ਟਰੱਕ ਯੂਨੀਅਨ (Budhlada Truck Union) ਦੇ ਬੀਤੇ ਦਿਨੀਂ ਬਣਾਏ ਪ੍ਰਧਾਨ ਨੂੰ ਕੱਲ੍ਹ ਸ਼ਾਮ ਤੋਂ ਹੀ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਅੱਜ ਵਿਰੋਧੀ ਗੁੱਟ ਵੱਲੋਂ ਯੂਨੀਅਨ ਵਿੱਚ ਪਹੁੰਚ ਕੇ ਮੌਜੂਦਾ ਪ੍ਰਧਾਨ ਅਤੇ ਉਸਦੇ ਹਮਾਇਤੀਆਂ ਉੱਪਰ ਫਾਇਰਿੰਗ ਕਰਨ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਯੂਨੀਅਨ ਦੇ ਸਾਬਕਾ ਪ੍ਰਧਾਨ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ। ਉੱਧਰ ਡੀਐਸਪੀ ਬੁਢਲਾਡਾ ਦੀ ਅਗਵਾਈ ਵਿੱਚ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਰਾਮਇੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਆਮ ਆਦਮੀ ਪਾਰਟੀ ਵੱਲੋਂ ਬੀਤੇ ਕੱਲ੍ਹ ਹੀ ਸਰਬ ਸੰਮਤੀ ਨਾਲ ਬਦਲਣ ਦਾ ਪ੍ਰਧਾਨ ਬਣਾਇਆ ਗਿਆ ਸੀ। ਉਸਨੂੰ ਵਿਰੋਧੀਆਂ ਵੱਲੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਹਨਾਂ ਦੱਸਿਆ ਕਿ ਵਿਰੋਧੀ ਗੁੱਟ ਵੱਲੋਂ ਟਰੱਕ ਯੂਨੀਅਨ ਵਿੱਚ ਪਹੁੰਚ ਕੇ ਪਹਿਲਾਂ ਫਾਇਰਿੰਗ ਕੀਤੀ ਗਈ ਅਤੇ ਫਿਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਹਨ।
ਓਧਰ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੁਢਲਾਡਾ ਦੇ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਉਹ ਥਾਣਾ ਸਿਟੀ ਬੁਢਲਾਡਾ ਦੇ ਮੁਖੀ ਸਮੇਤ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਅੰਮ੍ਰਿਤਸਰ ਕੋਰਟ ਬਾਹਰ ਵਿਅਕਤੀ ਨੇ ਤਲਵਾਰ ਨਾਲ ਕੀਤਾ ਨੂੰਹ ਉੱਤੇ ਹਮਲਾ