ਮਾਨਸਾ: ਨਰਮਾ ਪੱਟੀ ਅਧੀਨ ਆਉਂਦੇ ਜ਼ਿਲ੍ਹੇ ਦੇ ਕਿਸਾਨਾਂ ਦੇ ਚਿਹਰੇ 'ਤੇ ਨਰਮੇ ਦੀ ਚੰਗੀ ਫ਼ਸਲ ਨੇ ਚਮਕ ਲਿਆ ਦਿੱਤੀ ਹੈ। ਵਧੀਆ ਮੌਸਮ, ਸੁੰਡੀ ਦੀ ਘੱਟ ਮਾਰ, ਘੱਟ ਖਰਚ ਅਤੇ ਸਰਕਾਰੀ ਖਰੀਦ ਏਜੰਸੀ ਸੀ.ਸੀ.ਆਈ. ਵੱਲੋਂ ਦਿੱਤੇ ਜਾ ਰਹੇ ਫ਼ਸਲ ਦੇ ਪੂਰੇ ਭਾਅ ਨਾਲ ਕਿਸਾਨ ਖੁਸ਼ ਹਨ। ਹੁਣ ਤੱਕ ਅਨਾਜ ਮੰਡੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇੱਕ ਲੱਖ 20 ਹਜ਼ਾਰ ਕੁਇੰਟਲ ਨਰਮੇ ਦੀ ਫ਼ਸਲ ਜ਼ਿਆਦਾ ਆ ਚੁੱਕੀ ਹੈ।
ਕਿਸਾਨ ਬਲਵੀਰ ਸਿੰਘ ਅਤੇ ਗੋਰਾ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਵਧੀਆ ਮੌਸਮ ਦੇ ਚਲਦੇ ਅਤੇ ਸੁੰਡੀ ਦੀ ਘੱਟ ਮਾਰ ਕਾਰਨ ਫ਼ਸਲ ਦੀ ਭਰਵੀਂ ਪੈਦਾਵਾਰ ਹੋਈ ਹੈ। ਇਸਦੇ ਨਾਲ ਹੀ ਘੱਟ ਖਰਚ ਅਤੇ ਸਰਕਾਰੀ ਖਰੀਦ ਏਜੰਸੀ ਸੀ.ਸੀ.ਆਈ. ਵੱਲੋਂ ਫ਼ਸਲ ਦਾ ਪੂਰਾ ਭਾਅ ਮਿਲਣ ਨਾਲ ਕਿਸਾਨਾਂ ਦੇ ਚਿਹਰੇ ਉੱਤੇ ਚਮਕ ਹੈ। ਫ਼ਿਰ ਵੀ ਫ਼ਸਲ ਦੇ ਭੁਗਤਾਨ ਵਿੱਚ ਦੇਰੀ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਿਕ ਚੁੱਕੀ ਫ਼ਸਲ ਦਾ ਭੁਗਤਾਨ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਕਿਸਾਨ ਅਗਲੀ ਫ਼ਸਲ ਦੀ ਤਿਆਰੀ ਕਰ ਸਕਣ।
ਉਧਰ, ਗੱਲਬਾਤ ਕਰਦਿਆਂ ਜ਼ਿਲ੍ਹਾ ਮੰਡੀ ਅਧਿਕਾਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਇਸ ਤਰੀਕ ਤੱਕ ਜ਼ਿਲ੍ਹੇ ਵਿੱਚ ਸਾਡੇ ਕੋਲ 2 ਲੱਖ 14 ਹਜ਼ਾਰ ਕੁਇੰਟਲ ਨਰਮੇ ਦੀ ਫ਼ਸਲ ਮੰਡੀਆਂ ਵਿੱਚ ਆਈ ਸੀ, ਜਦਕਿ ਇਸ ਸਾਲ 3 ਲੱਖ 34 ਹਜ਼ਾਰ ਕੁਇੰਟਲ ਨਰਮੇ ਦੀ ਫ਼ਸਲ ਮੰਡੀਆਂ ਵਿੱਚ ਪੁੱਜ ਚੁੱਕੀ ਹੈ।
ਭਰਵੀਂ ਫ਼ਸਲ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਮਹੀਨਿਆਂ ਦੌਰਾਨ ਮੀਂਹ ਨਾ ਪੈਣ ਕਾਰਨ ਅਤੇ ਵਧੀਆ ਮੌਸਮ ਦੇ ਚਲਦੇ ਫ਼ਸਲ ਦੀ ਕੁਆਲਿਟੀ ਬਹੁਤ ਚੰਗੀ ਹੈ। ਕਿਸਾਨਾਂ ਦੇ ਭੁਗਤਾਨ ਵਿੱਚ ਦੇਰੀ ਦੇ ਦੋੋਸ਼ਾਂ ਨਕਾਰਦੇ ਹੋਏ ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ (ਸੀ.ਸੀ.ਆਈ.) ਨੇ ਪਿਛਲੇ ਸਾਲ ਖਰੀਦ ਨਵੰਬਰ ਮਹੀਨੇ ਵਿੱਚ ਸ਼ੁਰੂ ਕੀਤੀ ਸੀ, ਜਦਕਿ ਇਸ ਸਾਲ ਖਰੀਦ 5 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਵੀ ਮੰਡੀਆਂ ਵਿੱਚ ਫ਼ਸਲ ਦੀ ਆਮਦ ਵੱਧ ਹੋਈ ਹੈ।