ਮਾਨਸਾ: ਪਾਵਰਕਾਮ ਮੁਲਾਜ਼ਮਾਂ ਅਤੇ ਪੈਨਸ਼ਨਰ ਤਾਲਮੇਲ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਪਰਾਲੀ ਸਾੜ੍ਹਨ ਨੂੰ ਰੋਕਣ ਲਈ ਲਗਾਈਆਂ ਗਈਆਂ ਡਿਊਟੀਆਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਵੰਡ ਉਪ ਮੰਡਲ ਮਾਨਸਾ ਵਿਖੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਡਵੀਜ਼ਨ ਬੁਢਲਾਡਾ ਦੀਆਂ ਸਾਰੀਆਂ ਸਬ ਡਵੀਜ਼ਨਾਂ ਅਤੇ ਡਵੀਜ਼ਨ ਮਾਨਸਾ ਦੀਆਂ ਸਾਰੀਆਂ ਸਬ ਡਵੀਜ਼ਨਾਂ ਦੇ ਸਾਰੇ ਮੁਲਾਜ਼ਮਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਸਿੱਧੂ ਮੰਡਲ ਪ੍ਰਧਾਨ ਅਤੇ ਸੂਬਾ ਸਕੱਤਰ ਅਤੇ ਬਲਦੇਵ ਸਿੰਘ ਮੰਢਾਲੀ ਸਰਕਲ ਪ੍ਰਧਾਨ ਨੇ ਕਿਹਾ ਕਿ ਐਸ.ਡੀ.ਐਮ. ਮਾਨਸਾ ਅਤੇ ਐਸ.ਡੀ.ਐਮ. ਬੁਢਲਾਡਾ ਨੇ ਪਾਵਰਕਾਮ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਨਾਜਾਇਜ਼ ਤੌਰ 'ਤੇ ਲਗਾ ਦਿੱਤੀਆਂ ਹਨ, ਜਿਸ ਦਾ ਵਿਰੋਧ ਕੀਤਾ ਗਿਆ ਹੈ।
ਬੁਲਾਰਿਆਂ ਨੇ ਸਬੰਧਤ ਅਧਿਕਾਰੀਆਂ, ਐਸ.ਡੀ.ਐਮ. ਅਤੇ ਡੀ.ਸੀ. ਮਾਨਸਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਸਾਡੀਆਂ ਇਹ ਲਗਾਈਆਂ ਗਈਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਕਿਉਂਕਿ ਮੁਲਾਜ਼ਮਾਂ ਕੋਲ ਪਹਿਲਾਂ ਹੀ ਕੰਮ ਦਾ ਬਹੁਤ ਜ਼ਿਆਦਾ ਹੈ, ਜਿਸ ਵਿੱਚ 24-24 ਘੰਟੇ ਸਪਲਾਈ ਨੂੰ ਬਹਾਲ ਰੱਖਣਾ ਅਤੇ ਕੁਤਾਹੀ ਰਕਮ ਨੂੰ ਉਗਰਾਉਣ, ਬਿਜਲੀ ਚੋਰੀ ਨੂੰ ਫੜ੍ਹਨ ਆਦਿ ਕਈ ਕੰਮ ਹੈ ਅਤੇ ਹੁਣ ਇਹ ਹੋਰ ਡਿਊਟੀਆਂ ਲਗਾ ਕੇ ਮੁਲਾਜ਼ਮਾਂ ਦੇ ਸਿਰ ਹੋਰ ਬੋਝ ਪਾਇਆ ਜਾ ਰਿਹਾ ਹੈ।
ਜਥੇਬੰਦੀ ਆਗੂਆਂ ਨੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਥੀ ਮੁਲਾਜ਼ਮਾਂ ਦੀਆਂ ਡਿਊਟੀਆਂ ਰੱਦ ਨਾ ਕੀਤੀਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੇਕਰ ਇਸ ਸੰਘਰਸ਼ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਕੋਈ ਦਫ਼ਤਰੀ ਕੰਮ ਜਾਂ ਕਿਸੇ ਵੀ ਤਰ੍ਹਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀ ਅਤੇ ਪ੍ਰਸ਼ਾਸਨ ਦੀ ਹੋਵੇਗੀ।