ਮਾਨਸਾ: ਜਿਲ੍ਹੇ ਦੇ ਪਿੰਡ ਮਲਕੋ ਵਿਖੇ ਇੱਕ ਔਰਤ ਨੇ ਆਪਣੀਆਂ ਦੋ ਬੇਟੀਆਂ ਦੇ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਕਾਰਨ ਲੋਕਾਂ ਨੇ ਔਰਤ ਨੂੰ ਤਾਂ ਬਚਾ ਲਿਆ ਪਰ ਉਸਦੀਆਂ ਦੋ ਬੇਟੀਆਂ ਪਾਣੀ ਵਿੱਚ ਵਹਿ ਗਈਆ। ਇੱਕ ਬੱਚੀ ਦੀ ਲਾਸ਼ ਮਿਲ ਗਈ ਤੇ ਦੂਜੀ ਦੀ ਤਲਾਸ਼ ਜਾਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਪਿੰਡ ਮਲਕੋ ਵਿੱਚ ਇੱਕ 25 ਸਾਲਾ ਔਰਤ ਵੀਰਪਾਲ ਕੌਰ ਨੇ ਮਾਮੂਲੀ ਘਰੇਲੂ ਤਕਰਾਰ ਦੇ ਚੱਲਦਿਆਂ ਆਪਣੀ ਬੇਟੀ ਡੇਢ ਸਾਲ ਦੀ ਖੁਸ਼ਪ੍ਰੀਤ ਕੌਰ ਤੇ 4 ਸਾਲ ਦੀ ਅਮ੍ਰਿਤਪਾਲ ਕੌਰ ਨੂੰ ਨਾਲ ਲੈ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਬਾਰੇ ਪਤਾ ਲੱਗਣ 'ਤੇ ਰਾਹਗੀਰਾਂ ਨੇ ਛਲਾਂਗ ਲਗਾ ਕੇ ਔਰਤ ਨੂੰ ਬਚਾ ਲਿਆ ਪਰ ਉਸ ਦੀਆਂ ਦੋਨੋਂ ਬੇਟੀਆਂ ਪਾਣੀ ਵਿੱਚ ਵਹਿ ਗਈਆ। ਇੱਕ ਬੇਟੀ ਖੁਸ਼ਪ੍ਰੀਤ ਦੀ ਲਾਸ਼ ਨਹਿਰ ਵਿਚੋਂ ਕੱਢ ਲਈ ਗਈ ਪਰ ਦੂਜੀ ਬੇਟੀ ਦੀ ਤਲਾਸ਼ ਜਾਰੀ ਹੈ। ਔਰਤ ਦਾ ਪਤੀ ਪਿੰਡ ਵਿੱਚ ਮਜਦੂਰੀ ਦਾ ਕੰਮ ਕਰਦਾ ਹੈ।
ਪਰਿਵਾਰ ਵਾਲਿਆਂ ਅਨੁਸਾਰ ਵੀਰਪਾਲ ਕੌਰ ਅਕਸਰ ਘਰ ਵਿਚ ਕਲੇਸ਼ ਕਰਦੀ ਸੀ ਜਿਸ ਕਾਰਨ ਉਸ ਨੂੰ ਅਲੱਗ ਕਰ ਦਿੱਤਾ ਗਿਆ ਪਰ ਫ਼ਿਰ ਵੀ ਉਹ ਲੜਦੀ ਝਗੜਦੀ ਰਹਿੰਦੀ ਸੀ। ਇਸ ਕਾਰਨ ਉਸ ਨੇ ਆਪਣੀਆਂ ਦੋਨੋਂ ਬੇਟੀਆਂ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।