ਮਾਨਸਾ: 1 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਕਸਟਡੀ 'ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਦੇ ਲਈ ਮਾਨਸਾ ਪੁਲਿਸ ਦਿੱਲੀ ਪਹੁੰਚੀ ਸੀ ਅੱਜ ਦਿੱਲੀ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦਾ ਟ੍ਰਾਂਜਿਟ ਰਿਮਾਂਡ ਲਿਆ ਹੈ ਜਿਸ ਕਾਰਨ ਮਾਨਸਾ ਪੁਲਿਸ ਨੂੰ ਖਾਲੀ ਹੱਥ ਵਾਪਸ ਆਉਣਾ ਪੈ ਰਿਹਾ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moosewala murder case) ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਕਸਟੱਡੀ ਵਿਚੋਂ 1 ਅਕਤੂਬਰ ਦੀ ਰਾਤ ਨੂੰ CIA ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਮਿਲੀ ਭੁਗਤ ਦੇ ਨਾਲ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪ੍ਰਿਤਪਾਲ ਸਿੰਘ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ।
ਦੀਪਕ ਟੀਨੂੰ ਦਾ ਫਰਾਰ ਹੋਣਾ ਪੰਜਾਬ ਪੁਲਿਸ ਉਤੇ ਵੱਡੇ ਸਵਾਲ ਸਨ ਅਤੇ ਇਸ ਨੂੰ ਲੈ ਕੇ ਪੁਲੀਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠ ਰਹੇ ਸਨ। ਉੱਧਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਵੀ ਮਾਨਸਾ ਪੁਲਿਸ 'ਤੇ ਬੇਭਰੋਸਗੀ ਜ਼ਾਹਿਰ ਕੀਤੀ ਗਈ ਸੀ। 20 ਅਕਤੂਬਰ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਰਾਜਸਥਾਨ ਤੋਂ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੰਜਾਬ ਪੁਲਿਸ ਗੈਂਗਸਟਰ ਦੀਪਕ ਟੀਨੂੰ ਨੂੰ ਪੰਜਾਬ ਲਿਆਉਣ ਦੇ ਲਈ ਦਿੱਲੀ ਪਹੁੰਚੀ ਸੀ। ਜਿੱਥੇ ਅਦਾਲਤ ਨੇ ਮਾਨਸਾ ਪੁਲਿਸ ਨੂੰ ਟ੍ਰਾਂਜਿਟ ਰਿਮਾਂਡ ਨਹੀਂ ਦਿੱਤਾ।
ਇਹ ਵੀ ਪੜ੍ਹੋ:- ਰਾਮ ਰਹੀਮ ਦੀ ਪੈਰੋਲ ਦੇ ਸਵਾਲ 'ਤੇ ਭੜਕੇ ਮਨੀਸ਼ਾ ਗੁਲਾਟੀ, ਕਿਹਾ ਜਾਣਬੁੱਝ ਕੇ ਮੈਨੂੰ ਨਾ ਕੀਤਾ ਜਾਵੇ ਟਾਰਗੇਟ