ਮਾਨਸਾ: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਕਰਫ਼ਿਊ ਖ਼ਤਮ ਕਰ ਦਿੱਤਾ ਹੈ ਪਰ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਅਜੇ ਵੀ ਜਾਰੀ ਹੈ, ਜਿਸ 'ਤੇ ਮਾਨਸਾ ਪੁਲਿਸ ਨੇ ਕਰੋਨਾ ਦੇ ਖ਼ਿਲਾਫ਼ ਜੰਗ ਨੂੰ ਜਾਰੀ ਰੱਖਦਿਆਂ ਵੱਖ-ਵੱਖ ਕਾਰੋਬਾਰੀ ਅਦਾਰਿਆਂ ਨਾਲ ਮਿਲ ਕੇ ਕੋਰੋਨਾ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ।
ਜ਼ਿਲ੍ਹੇ ਭਰ ਦੇ ਸਾਰੇ ਹੀ ਦੁਕਾਨਦਾਰਾਂ ਨੇ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਵਾਲੀ ਵਿਸ਼ੇਸ ਟੀ-ਸ਼ਰਟ ਪਹਿਨੀ ਹੈ, ਜਿਸ 'ਤੇ ਕੋਰੋਨਾ ਦੇ ਖ਼ਿਲਾਫ਼ ਜਾਗਰੂਕਤਾ ਸੁਨੇਹੇ ਲਿਖੇ ਹੋਏ ਹਨ। ਉੱਥੇ ਪੁਲਿਸ ਦੇ ਚੈਕ ਨਾਕਿਆਂ ਤੇ ਵੀ ਲੱਗੇ ਬੈਰੀਕੇਡ ਵੀ ਕਰੋਨਾ ਦੇ ਖ਼ਿਲਾਫ਼ ਸੁਨੇਹਾ ਦੇ ਰਹੇ ਹਨ।
ਐਸਐਸਪੀ. ਡਾਕਟਰ ਨਰਿੰਦਰ ਭਾਰਗਵ ਨੇ ਲੌਕਡਾਊਨ ਦੌਰਾਨ ਸਾਵਧਾਨੀਆਂ ਬਾਰੇ ਪਰਚੇ ਵੀ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਹੋਏ ਲੌਕਡਾਊਨ 4 ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਗਤੀਵਿਧੀਆਂ ਨੂੰ ਖੋਲਿਆ ਗਿਆ ਹੈ, ਜਿਵੇਂ-ਜਿਵੇਂ ਵਪਾਰਕ ਗਤੀਵਿਧੀਆਂ ਵਧਣਗੀਆਂ, ਉਸ ਅਨੁਸਾਰ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ, ਜਿਸ ਲਈ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਲੋਕਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਚੀਜ਼ ਦਿਖਦੀ ਹੈ, ਉਸਤੇ ਅਮਲ ਕਰਨਾ ਸੌਖਾ ਹੁੰਦਾ ਹੈ। ਇਹ ਉਪਰਾਲਾ ਮਾਨਸਾ ਦੇ ਲੋਕਾਂ ਲਈ ਸਹਾਈ ਹੋਵੇਗਾ ਤੇ ਲੋਕ ਇੱਕ ਦੂਜੇ ਨੂੰ ਯਾਦ ਕਰਵਾਉਣਗੇ ਕਿ ਇਨ੍ਹਾਂ ਸਾਵਧਾਨੀਆਂ ਦਾ ਪਾਲਣ ਕਰਕੇ ਅਸੀਂ ਕੋਰੋਨਾ ਤੋਂ ਬਚ ਸਕਾਂਗੇ।
ਲੌਕਡਾਊਨ ਦੇ ਚੌਥੇ ਫੇਜ਼ ਦੀ ਸ਼ੁਰੂਆਤ ਤੇ ਮਾਨਸਾ ਪੁਲਿਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਲੋਕਾਂ ਨੇ ਵੀ ਸਵਾਗਤ ਕੀਤਾ ਹੈ। ਸ਼ਹਿਰ ਵਾਸੀ ਰਣਵੀਰ ਸਿੰਘ ਅਤੇ ਜੌਨੀ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਇਹਨਾਂ ਗੱਲਾਂ ਦਾ ਪਾਲਣ ਕਰਾਂਗੇ, ਤਾਂ ਹੀ ਅਸੀਂ ਕਰੋਨਾ ਤੋਂ ਬਚ ਸਕਾਂਗੇ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਾਂ ਖ਼ੁਦ ਵੀ ਇਸ ਬਾਰੇ ਜਾਗਰੂਕ ਹੋਈਏ ਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ।