ਮਾਨਸਾ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀ ਫੌਜਾਂ ਦੇ ਵਿਚਕਾਰ ਹੋਈ ਝੜਪ ਵਿੱਚ ਦੇਸ਼ ਦੇ 20 ਫੌਜੀ ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਹੋਏ ਜਵਾਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦਾ 23 ਵਰ੍ਹਿਆਂ ਗੁਰਤੇਜ ਸਿੰਘ ਵੀ ਸ਼ਾਮਿਲ ਹੈ। ਜਿਉਂ ਹੀ ਗੁਰਤੇਜ ਸਿੰਘ ਦੀ ਸ਼ਹਾਦਤ ਦੀ ਖ਼ਬਰ ਉਸ ਦੇ ਘਰ ਪਹੁੰਚੀ ਤਾਂ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੋ ਗਿਆ। ਗੁਰਤੇਜ਼ ਸਿੰਘ ਡੇਡ ਸਾਲ ਪਹਿਲਾ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ।
ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਨੇ ਕਿਹਾ ਕਿ ਉਸ ਦੇ ਤਿੰਨ ਲੜਕੇ ਹਨ ਅਤੇ ਗੁਰਤੇਜ ਸਿੰਘ ਛੋਟਾ ਲੜਕਾ ਸੀ। ਉਨ੍ਹਾਂ ਕਿਹਾ ਕਿ ਪੰਦਰਾਂ ਵੀਹ ਦਿਨ ਪਹਿਲਾਂ ਉਸ ਦੀ ਗੁਰਤੇਜ ਨਾਲ ਗੱਲ ਹੋਈ ਸੀ ਤੇ ਉਹ ਜਲਦ ਹੀ ਘਰ ਆਉਣ ਦੇ ਲਈ ਕਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ 15 ਜੂਨ ਨੂੰ ਉਸ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਦਾ ਵਿਆਹ ਹੋ ਕੇ ਹਟਿਆ ਹੈ, ਪਰ ਗੁਰਤੇਜ ਦੀ ਡਿਊਟੀ ਤਬਦੀਲ ਹੋਣ ਕਾਰਨ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਦੇ ਵੱਡੇ ਅਧਿਕਾਰੀਆਂ ਨੇ ਫੋਨ ਕਰਕੇ ਗੁਰਤੇਜ ਦੇ ਸ਼ਹੀਦ ਹੋਣ ਦੀ ਖ਼ਬਰ ਦਿੱਤੀ ਸੀ। ਵਿਰਸਾ ਸਿੰਘ ਨੇ ਕਿਹਾ ਕਿ ਉਸ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ।
ਸ਼ਹੀਦ ਗੁਰਤੇਜ ਸਿੰਘ ਦੀ ਮਾਂ ਪ੍ਰਕਾਸ਼ ਕੌਰ ਨੇ ਕਿਹਾ ਕਿ ਗੁਰਤੇਜ ਸਿੰਘ ਨੂੰ ਫੌਜੀ ਬਣਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਕਿਹਾ ਕਿ ਗੁਰਤੇਜ ਬਹੁਤ ਹੀ ਚਾਵਾਂ ਨਾਲ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਫੋਨ ਕਰਦਾ ਰਹਿੰਦਾ ਸੀ ਕਿ ਮਾਂ ਤੂੰ ਮੇਰੀ ਚਿੰਤਾ ਨਾ ਕਰੀਂ ਮੈਂ ਠੀਕ ਠਾਕ ਹਾਂ। ਉਨ੍ਹਾਂ ਦੱਸਿਆ 15 ਪਹਿਲਾਂ ਹੀ ਉਨ੍ਹਾਂ ਦੀ ਗੁਰਤੇਜ ਨਾਲ ਗੱਲ ਹੋਈ ਸੀ ਅਤੇ ਹੁਣ ਉਹ ਹਮੇਸ਼ਾ ਲਈ ਖਾਮੋਸ਼ ਹੋ ਗਿਆ ਹੈ। ਪ੍ਰਕਾਸ਼ ਕੌਰ ਨੇ ਕਿਹਾ ਕਿ ਬੇਸ਼ੱਕ ਮੈਂ ਗੁਰਤੇਜ ਨੂੰ ਕੁੱਖੋਂ ਜਨਮ ਦਿੱਤਾ ਹੈ ਪਰ ਮੇਰਾ ਬੇਟਾ ਨਹੀਂ ਸਗੋਂ ਉਹ ਤਾਂ ਪੂਰੇ ਦੇਸ਼ ਦਾ ਬੇਟਾ ਸੀ, ਜਿਸ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਦੇ ਦਿੱਤੀ।
ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅੱਜ ਗੁਰਤੇਜ ਸਿੰਘ ਦੀ ਸ਼ਹਾਦਤ ਨਾਲ ਪੂਰੇ ਇਲਾਕੇ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਉੱਥੇ ਸਾਡੇ ਸਾਰੇ ਇਲਾਕੇ ਨੂੰ ਦੁੱਖ ਹੈ। ਉਨ੍ਹਾਂ ਕਿਹਾ, "ਪੁੱਤ ਹੁੰਦੇ ਨੇ ਬੋਹੜ ਦੀਆਂ ਛਾਵਾਂ ਬੁੱਢੇ ਹੋਏ ਮਾਪਿਆਂ ਦੇ ਲਈ", ਅੱਜ ਇਨ੍ਹਾਂ ਬੁੱਢੇ ਮਾਪਿਆਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਸ਼ਹੀਦ ਗੁਰਤੇਜ ਨੂੰ ਫੌਜ 'ਚ ਭਰਤੀ ਹੋਣ ਦਾ ਬਹੁਤ ਸ਼ੌਕ ਸੀ ਅਤੇ ਉਹ ਭਰਤੀ ਹੋਣ ਦੇ ਲਈ ਬਹੁਤ ਸਖ਼ਤ ਮਿਹਨਤ ਵੀ ਕਰਦਾ ਸੀ। ਇਸੇ ਲਈ ਹੀ ਜਦੋਂ ਉਸ ਨੇ ਪਟਿਆਲਾ ਵਿੱਚ ਪਹਿਲੀ ਫੌਜ ਦੀ ਭਰਤੀ ਵਿੱਚ ਹਿੱਸਾ ਲਿਆ ਤਾਂ ਉਹ ਪਹਿਲੀ ਵਾਰ ਵਿੱਚ ਹੀ ਫੌਜ ਵਿੱਚ ਚੁਣਿਆ ਗਿਆ। ਪਿੰਡ ਵਾਸੀਆਂ ਅਤੇ ਗੁਰਤੇਜ ਦੇ ਦੋਸਤਾਂ ਦੇ ਅਨੁਸਾਰ ਉਹ ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਸੀ।