ਮਾਨਸਾ: ਨਰਮੇ ਦੀ ਫ਼ਸਲ ਕਿਸਾਨ ਵੱਡੇ ਪੱਧਰ ਉੱਤੇ ਮੰਡੀ ਵਿੱਚ ਲੈ ਕੇ ਪਹੁੰਚ ਰਹੇ ਹਨ। ਪਿਛਲੇ ਦਿਨੀਂ ਕਿਸਾਨਾਂ ਨੇ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ, ਜਿਸ ਤੋਂ ਸਰਕਾਰ ਨੇ ਸਰਕਾਰੀ ਖ਼ਰੀਦ ਸੁਰੂ ਕਰ ਦਿੱਤੀ। ਪਰ ਹੁਣ ਨਰਮਾ ਗਿੱਲਾ ਦੱਸ ਕੇ ਕਾਟ ਕੱਟਣ ਨੂੰ ਲੈ ਕੇ ਭੜਕੇ ਕਿਸਾਨਾਂ ਨੇ ਮਾਨਸਾ-ਸਿਰਸਾ ਹਾਈਵੇ ਜਾਮ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੂੰ ਇਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕਿਸਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਪ੍ਰਸ਼ਾਸਨ ਉੱਤੇ 15-20 ਦਿਨ ਪਹਿਲਾਂ ਦਬਾਅ ਪਾ ਕੇ ਨਰਮੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਸੀ, ਪਰ ਅੱਜ ਜਦੋਂ ਨਰਮਾ ਵਿੱਕਣ ਦੇ ਲਈ ਆਇਆ ਤਾਂ ਨਰਮਾ ਗਿੱਲਾ ਆਖ ਕੇ ਉਸ ਵਿੱਚ ਕਾਟ ਕੱਟੀ ਗਈ। ਦੂਸਰਾ ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਦਿਨ ਦੇ ਵਿੱਚ ਸਿਰਫ਼ 250 ਟਰਾਲੀ ਤੋਂ ਵੱਧ ਨਗ ਨਹੀਂ ਖ਼ਰੀਦਾਂਗੇ ਅਤੇ ਸ਼ੈੱਲਰ ਦੇ ਵਿੱਚ ਅੱਧਾ ਨਰਮਾ ਖ਼ਰੀਦਣ ਦੇ ਵਿਰੁੱਧ ਹੀ ਕਿਸਾਨਾਂ ਨੇ ਧਰਨਾ ਲਾਇਆ ਹੈ ਅਤੇ ਮਾਨਸਾ-ਸਿਰਸਾ ਹਾਈਵੇ ਜਾਮ ਕੀਤਾ ਹੈ।
ਜਦੋਂ ਉੱਕਤ ਮਾਮਲੇ ਸਬੰਧੀ ਸੀ.ਸੀ.ਆਈ. ਦੇ ਇੰਸਪੈਕਟਰ ਸੁਰਿੰਦਰ ਤਿਵਾੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੰਡੀ ਵਿੱਚ ਨਰਮਾ ਜ਼ਿਆਦਾ ਆਉਣ ਕਾਰਨ ਸਮੱਸਿਆ ਆ ਰਹੀ ਹੈ ਅਤੇ ਕਿਸਾਨ ਗਿੱਲਾ ਨਰਮਾ ਵੀ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਹੱਲ ਹੋ ਗਈ ਹੈ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਭੀੜ ਨਾ ਕਰਨ ਦੀ ਅਪੀਲ ਵੀ ਕੀਤੀ।