ਲੁਧਿਆਣਾ: ਅੱਜ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਦੋ ਅਹਿਮ ਐਲਾਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੱਲ ਯਾਨੀ ਚਾਰ ਦਸੰਬਰ ਨੂੰ ਉਹ ਟੋਹਾਣਾ ਦੇ ਵਿੱਚ ਇੱਕ ਵੱਡੀ ਮਹਾਂ ਪੰਚਾਇਤ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ 9 ਤਰੀਕ ਨੂੰ ਮੋਗਾ ਦੇ ਵਿੱਚ ਮਹਾਂ ਪੰਚਾਇਤ ਕੀਤੀ ਜਾਵੇਗੀ। ਇਹਨਾਂ ਦੋਵਾਂ ਹੀ ਥਾਵਾਂ ਉੱਤੇ ਵੱਡਾ ਇਕੱਠ ਕਿਸਾਨਾਂ ਦਾ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ।
'ਕਮੇਟੀਆਂ ਉੱਤੇ ਨਹੀਂ ਭਰੋਸਾ'
ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਨਾਲ ਗੱਲਬਾਤ ਕਰਨ ਦੀ ਗੱਲ ਤਾਂ ਕਹਿ ਰਹੀ ਹੈ ਪਰ ਗੱਲਾਂ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਹਨ। ਸਾਡੀਆਂ ਜੋ ਮੰਗਾਂ ਹਨ ਉਹਨਾਂ ਉੱਤੇ ਪਹਿਲਾਂ ਪੱਕੀ ਮੋਹਰ ਲਾਏ ਜਾਵੇ। ਉੱਥੇ ਹੀ ਉਹਨਾਂ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਹੋਣ ਵਾਲੀ ਬੈਠਕ ਨੂੰ ਲੈ ਕੇ ਵੀ ਕਿਹਾ ਕਿ ਕਮੇਟੀ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ, ਪਹਿਲਾਂ ਵੀ ਅਜਿਹੀਆਂ ਕਈ ਕਮੇਟੀਆਂ ਬਣ ਚੁੱਕੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਿਰਫ ਪੰਜਾਬ ਦਾ ਮੁੱਦਾ ਨਹੀਂ ਹੈ ਪੂਰੇ ਦੇਸ਼ ਦਾ ਮੁੱਦਾ ਹੈ। ਕਈ ਸੂਬੇ ਅਜਿਹੇ ਹਨ, ਜਿਨ੍ਹਾਂ ਨੂੰ ਐੱਮਐੱਸਪੀ ਮਿਲਦੀ ਵੀ ਨਹੀਂ ਹੈ, ਉਹਨਾਂ ਦੇ ਹੱਕ ਵੀ ਦਿਵਾਉਣੇ ਹਨ,ਇਸ ਮਕਸਦ ਤਹਿਤ ਹੀ ਸੰਯੁਕਤ ਕਿਸਾਨ ਯੂਨੀਅਨ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਇੱਕਜੁੱਟ ਹਨ ਅਤੇ ਮਰਨ ਵਰਤ ਉੱਤੇ ਬੈਠੇ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕਾਫੀ ਚਿੰਤਿਤ ਸਾਰੇ ਕਿਸਾਨ ਹਨ ਕਿਉਂਕਿ ਡੱਲੇਵਾਲ ਦੀਆਂ ਵੀ ਮੰਗਾਂ ਉਹੀ ਹਨ ਜੋ ਬਾਕੀ ਕਿਸਾਨਾਂ ਦੀਆਂ ਹਨ।
'ਮਸਲਾ ਦਲਜੀਤ ਨਹੀਂ ਪੀਐੱਮ ਮੋਦੀ'
ਦੂਜੇ ਪਾਸੇ ਦਲਜੀਤ ਦੁਸਾਂਝ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਵੀ ਕਿਸਾਨਾਂ ਨੇ ਆਪਣਾ ਪੱਖ ਦੱਸਦੇ ਹੋਏ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੱਕ ਪੰਜਾਬ ਦੇ ਗਾਇਕ ਨਾਲ ਮੁਲਾਕਾਤ ਕਰ ਸਕਦੇ ਹਨ ਤਾਂ ਕਿਸਾਨਾਂ ਨਾਲ ਮੁਲਾਕਾਤ ਕਿਉਂ ਨਹੀਂ ਕਰ ਸਕਦੇ, ਉਹਨਾਂ ਕਿਹਾ ਕਿ ਸਵਾਲ ਦਲਜੀਤ ਦਾ ਨਹੀਂ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ। ਉੱਥੇ ਹੀ ਦੂਜੇ ਪਾਸੇ ਕੇਂਦਰ ਦੇ ਤਿੰਨ ਮੰਤਰੀਆਂ ਵੱਲੋਂ ਪੰਜ ਫਸਲਾਂ ਉੱਤੇ ਐੱਮਐੱਸਪੀ ਦੀ ਪੇਸ਼ਕਸ਼ ਕਰਨ ਸਬੰਧੀ ਵੀ ਉਹਨਾਂ ਕਿਹਾ ਕਿ ਜਿਹੜੀਆਂ ਫਸਲਾਂ ਉੱਤੇ ਉਹ ਮੰਤਰੀ ਐੱਮਐੱਸਪੀ ਦੇਣਾ ਚਾਹੁੰਦੇ ਸਨ ਉਹ ਕੰਪਨੀਆਂ ਦੇ ਨਾਲ ਕਿਸਾਨਾਂ ਕੰਟਰੈਕਟ ਕਰਵਾ ਰਹੇ ਹਨ ਅਤੇ ਅਸੀਂ ਇਸ ਕੰਟਰੈਕਟ ਦੇ ਪਹਿਲਾਂ ਹੀ ਖਿਲਾਫ ਹਾਂ, ਉਹਨਾਂ ਕਿਹਾ ਕਿ ਕੰਟਰੈਕਟ ਫਾਰਮਿੰਗ ਦਾ ਤਿੰਨ ਕਨੂੰਨਾਂ ਦੇ ਵਿੱਚ ਵੀ ਜ਼ਿਕਰ ਸੀ ਅਤੇ ਮੁੜ ਤੋਂ ਉਹੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।