ਖਨੌਰੀ ਬਾਰਡਰ: ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡੱਲੇਵਾਲ ਨੇ ਕਿਹਾ ਹੈ ਕਿ ਮੈਂ ਹਲੇ ਸੰਗਤ ਨੂੰ ਸੰਬੋਧਨ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਉਨ੍ਹਾਂ ਨੇ ਕਿਹਾ ਹੈ ਸਾਰੀਆਂ ਸੰਗਤਾਂ ਦੇ ਦਬਾਅ ਕਰਕੇ ਮੈਂ ਟ੍ਰੀਟਮੈਂਟ ਸ਼ੁਰੂ ਕਰ ਲਿਆ ਹੈ ਅਤੇ ਤੁਸੀਂ ਵੀ ਸਾਰੇ ਤਕੜੇ ਰਹੋ ਅਸੀਂ ਮੋਰਚਾ ਜ਼ਰੂਰ ਜਿੱਤਾਂਗੇ।
"ਇੰਝ ਨਾ ਸੋਚਿਓ ਕਿ ਸੱਦਾ ਆ ਗਿਐ ਅਤੇ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਹੱਕ ਲਈ ਲੜਦੇ ਰਹਾਂਗੇ। ਉਨ੍ਹਾਂ ਨੇ ਕਿਹਾ ਹੈ ਕਿ 111 ਕਿਸਾਨਾਂ ਦੇ ਧਰਨੇ ਉੱਤੇ ਬੈਠਣ ਕਰਕੇ ਹੋਇਆ ਹੈ"। ਡੱਲੇਵਾਲ
ਮੀਟਿੰਗ ਲਈ ਸੱਦਾ
16 ਜਨਵਰੀ ਨੂੰ ਖੇਤੀਬਾੜੀ ਅਤੇ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਿਯਰੰਜਨ ਹੋਰ ਕੇਂਦਰੀ ਅਧਿਕਾਰੀਆਂ ਨਾਲ ਖਨੌਰੀ ਸਰਹੱਦ 'ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਸੱਦਾ ਵੀ ਦਿੱਤਾ। ਮੀਟਿੰਗ ਤੋਂ ਬਾਅਦ ਪ੍ਰਿਯਰੰਜਨ ਨੇ ਕਿਹਾ ਕਿ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੇਂਦਰ ਨੂੰ ਚਿੰਤਾ ਹੈ। ਅਸੀਂ ਇੱਥੇ ਇਸ ਲਈ ਆਏ ਹਾਂ ਤਾਂ ਕਿ ਕੋਈ ਰਸਤਾ ਲੱਭਿਆ ਜਾ ਸਕੇ। ਅਸੀਂ ਉਮੀਦ ਕਰਦੇ ਹਾਂ ਕਿ ਡੱਲੇਵਾਲ ਜਲਦੀ ਹੀ ਆਪਣਾ ਮਰਨ ਵਰਤ ਖਤਮ ਕਰਕੇ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਡੱਲੇਵਾਲ ਦਾ ਮਰਨ ਵਰਤ ਜਾਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 56ਵਾਂ ਦਿਨ ਹੈ। ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਦਾ ਪ੍ਰਸਤਾਵ ਆਉਣ ਤੋਂ ਬਾਅਦ ਵੀ ਡੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ 'ਤੇ ਗਾਰੰਟੀ ਕਾਨੂੰਨ ਲਾਗੂ ਨਹੀਂ ਹੁੰਦਾ, ਉਦੋਂ ਤੱਕ ਉਹ ਕੁਝ ਨਹੀਂ ਖਾਣਗੇ ਤੇ ਮਰਨ ਵਰਤ ਜਾਰੀ ਰਹੇਗਾ। ਹਾਲਾਂਕਿ ਕਿਸਾਨਾਂ ਦੇ ਕਹਿਣ 'ਤੇ ਉਹ ਸ਼ਨੀਵਾਰ ਦੇਰ ਰਾਤ ਤੋਂ ਹੀ ਮੈਡੀਕਲ ਸਹੂਲਤ ਲੈ ਰਹੇ ਹਨ। ਡੱਲੇਵਾਲ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਦੀ ਟੀਮ ਦਾ ਹਿੱਸਾ ਰਹੇ ਡਾ. ਸਵੈਮਾਨ ਸਿੰਘ ਦਾ ਕਹਿਣਾ ਹੈ ਕਿ 14 ਫਰਵਰੀ ਤੱਕ ਸਿਰਫ਼ ਡਾਕਟਰੀ ਸਹਾਇਤਾ 'ਤੇ ਹੀ ਡੱਲੇਵਾਲ ਦਾ ਜਿਉਂਦਾ ਰਹਿਣਾ ਮੁਸ਼ਕਲ ਹੈ।