ਹੈਦਰਾਬਾਦ ਡੈਸਕ: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸੇ ਕਾਰਨ ਪਾਰਟੀ ਵੱਲੋਂ ਪੂਰੇ ਪੰਜਾਬ 'ਚ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦਾ ਆਗਾਜ਼ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਫ਼ਾਰਮ ਭਰਿਆ ਕਰ ਕੇ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਥਿਤ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਦੇ ਹੁਕਮਾਂ ਅਨੁਸਾਰ ਮੈਂਬਰ ਵਜੋਂ ਸ਼ਾਮਿਲ ਹੋ ਕੇ ਅਪਣੀ ਮੈਂਬਰਸ਼ਿਪ ਪਰਚੀ ਭਰੀ ਹੈ।
40 ਹਜ਼ਾਰ ਦਾ ਟਿੱਚਾ
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੰਬੀ ਹਲਕੇ ਵਿਚ 40 ਹਜ਼ਾਰ ਦਾ ਟੀਚਾ ਹੈ ਜਦਕਿ ਕੁੱਲ ਮੈਂਬਰਸ਼ਿਪ ਦਾ ਟੀਚਾ 5 ਲੱਖ ਦਾ ਹੈ। ਇਸ ਮੈਂਬਰਸ਼ਿਪ ਦੀ ਪਰਚੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਪਾਰਟੀ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ, ਪਰਮਬੰਸ ਸਿੰਘ ਬੰਟੀ ਰੌਮਾਣਾ, ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਅਤੇ ਸੀਨੀਅਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਅਤੇ ਮੈਂਬਰਸ਼ਿਪ ਦੀ ਪਰਚੀਮ ਭਰੀ। ਹਲਕਾ ਇੰਚਾਰਜ ਨੇ ਕਿਹਾ ਕਿ ਭਰਤੀ ਨੂੰ ਲੈ ਕੇ ਹਲਕੇ ਦੇ ਲੋਕਾਂ ਅਤੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਲਕੇ ਵਿੱਚ ਉਹਨਾਂ ਦਾ ਟੀਚਾ 55 ਹਜ਼ਾਰ ਵੋਟਰ ਬਣਾਉਣਾ ਹੈ।
ਸੁਖਬੀਰ ਬਾਦਲ ਦਾ ਦਾਦੂਵਾਲ 'ਤੇ ਨਿਸ਼ਾਨਾ
ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖ ਸੰਗਤ ਨੇ ਇਹ ਸੁਨੇਹਾ ਬਹੁਤ ਸਾਫ਼ ਤੌਰ ’ਤੇ ਦਿਤਾ ਹੈ ਕਿ ਜੋ ਵੀ ਤਾਕਤਾਂ ਸਿੱਖ ਧਰਮ ਦੇ ਮਸਲਿਆਂ ਵਿਚ ਦਖ਼ਲ-ਅੰਦਾਜ਼ੀ ਕਰਦੀਆਂ ਹਨ, ਉਨ੍ਹਾਂ ਨੂੰ ਸਿੱਖ ਸੰਗਤ ਮੂੰਹ ਨਹੀਂ ਲਗਾਏਗੀ। ਉਨ੍ਹਾਂ ਦਾਦੂਵਾਲ ਦਾ ਨਾਮ ਲੈ ਕੇ ਕਿਹਾ ਕਿ ਅਜਿਹੇ ਲੋਕ ਏਜੰਸੀਆਂ ਦੇ ਬੰਦੇ ਹਨ ਅਤੇ ਇਸੇ ਕਰ ਕੇ ਸਿੱਖ ਸੰਗਤ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਇਹ ਕਿਸੇ ਧਰਮ ਦੇ ਨਹੀਂ ਹੁੰਦੇ।
ਭਰਤੀ ਮੁਹਿੰਮ ਸ਼ੁਰ
ਜ਼ਿਕਰਯੋਗ ਹੈ ਕਿ ਬਾਦਲ ਪੱਖੀ ਅਕਾਲੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਦਰਕਿਨਾਰ ਕਰ ਕੇ ਇਹ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਜਦਕਿ ਅਕਾਲ ਤਖ਼ਤ ਸਾਹਿਬ ਨੇ ਇਹ ਭਰਤੀ ਮੁਹਿੰਮ ਅਪਣੇ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਚਲਾਉਣ ਦੇ ਹੁਕਮ ਦਿਤੇ ਸਨ ਪਰ ਅੱਜ ਸਥਿਤੀ ਇਹ ਹੈ ਕਿ ਉਸ ਸੱਤ ਮੈਂਬਰੀ ਕਮੇਟੀ ਦਾ ਕੋਈ ਰੋਲ ਨਜ਼ਰ ਨਹੀਂ ਆ ਰਿਹਾ।ਹੁਣ ਵੇਖਣਾ ਅਹਿਮ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖਿਆ ਗਿਆ ਟੀਚਾ ਪੂਰਾ ਹੋਵੇਗਾ ਜਾ ਨਹੀਂ।