ਲੁਧਿਆਣਾ: ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਬੈਠਕ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਭਾਜਪਾ ਦੇ ਆਗੂ ਅਨਿਲ ਸਰੀਨ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਅਸੀਂ ਡੱਲੇਵਾਲ ਦੀ ਸਿਹਤ ਸਬੰਧੀ ਗੰਭੀਰ ਹਾਂ ਪਰ ਕਿਸਾਨ ਜਥੇਬੰਦੀਆਂ ਗੱਲਬਾਤ ਨਹੀਂ ਕਰਨਾ ਚਾਹੁੰਦੀਆਂ। ਉਹਨਾਂ ਕਿਹਾ ਕਿ ਸਾਡੇ 3 ਮੰਤਰੀ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਆਏ ਵੀ ਆਏ ਸਨ। ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜ ਫਸਲਾਂ ਉੱਤੇ ਐਮਐਸਪੀ ਦਿੱਤੀ ਜਾਵੇਗੀ ਪਰ ਕਿਸਾਨਾਂ ਨੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ।
'ਕਿਸਾਨ ਲਗਾਤਾਰ ਕਰ ਰਹੇ ਮਿਲਣ ਤੋਂ ਇਨਕਾਰ'
ਉਹਨਾਂ ਕਿਹਾ ਕਿ ਹੁਣ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸੀ। ਇਸ ਦੇ ਬਾਵਜੂਦ ਕਿਸਾਨ ਆਗੂ ਗੱਲਬਾਤ ਨਹੀਂ ਕਰਨਾ ਚਾਹੁੰਦੇ, ਗੱਲਬਾਤ ਨਾਲ ਹੀ ਮਸਲਾ ਹੱਲ ਹੁੰਦਾ ਹੈ। ਅਨਿਲ ਸਰੀਨ ਨੇ ਕਿਹਾ ਕਿ ਬਾਰਡਰ ਰੋਕਣ ਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਵਪਾਰੀ ਵਰਗ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਇੱਕ-ਇੱਕ ਦਾਣਾ ਐਮਐਸਪੀ ਉੱਤੇ ਚੱਕਣ ਲਈ ਵਚਨਬੱਧ ਹਾਂ ਪਰ ਇਸ ਦੇ ਬਾਵਜੂਦ ਜੇਕਰ ਗੱਲਬਾਤ ਹੀ ਨਹੀਂ ਹੋਵੇਗੀ ਤਾਂ ਮਸਲਾ ਕਿਵੇਂ ਹੱਲ ਹੋਵੇਗਾ।
ਬਾਰਡਰ ਬੰਦ ਹੋਣ ਕਰਕੇ ਪੰਜਾਬ ਦੇ ਲੋਕ ਹੋ ਰਹੇ ਪਰੇਸ਼ਾਨ
ਭਾਜਪਾ ਦੇ ਲੀਡਰ ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਧਰਨਿਆਂ ਲਈ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 2022 ਦੇ ਵਿੱਚ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਕਿਸਾਨਾਂ ਦੀ ਹਰ ਫਸਲ 'ਤੇ ਐਮਐਸਪੀ ਦੇਵੇਗੀ। ਉਹਨਾਂ ਕਿਹਾ ਕਿ ਚੁਟਕੀਆਂ ਦੇ ਵਿੱਚ ਐਮਐਸਪੀ ਦੇਣ ਦੇ ਵਾਅਦੇ ਕੀਤੇ ਗਏ ਸਨ। ਸਰਕਾਰ ਦੇ ਉਹ ਵਾਅਦੇ ਕਿੱਥੇ ਹਨ, ਇਸ ਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ। ਅਨਿਲ ਸਰੀਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਗੱਲ ਨੂੰ ਲੈ ਕੇ ਚਿੰਤਤ ਹਾਂ, ਕਿਸਾਨ ਪੂਰੇ ਦੇਸ਼ ਦੀ ਗੱਲ ਕਰ ਰਹੇ ਹਨ। ਜਦੋਂ ਕਿ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ ।