ਮਾਨਸਾ: ਕੋਰੋਨਾ ਵਾਇਰਸ ਦਾ ਪ੍ਰਕੋਪ ਚਾਰੇ ਪਾਸੇ ਫ਼ੈਲਿਆ ਹੋਇਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਲਈ ਲੌਕ-ਡਾਊਨ ਦਾ ਐਲਾਨ ਕੀਤਾ ਹੈ।
ਇਸ ਸਮੇਂ ਹਰ ਕਿਸੇ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਲੋੜੀਂਦੇ ਸਮਾਨ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਕੁਝ ਸਮੇਂ ਦੀ ਛੋਟ ਵੀ ਦਿੱਤੀ ਗਈ ਹੈ।
ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 7 ਤੋਂ 9 ਵਜੇ ਤੱਕ ਦੁੱਧ ਦੀ ਸਪਲਾਈ, 10 ਤੋਂ 12 ਵਜੇ ਤੱਕ ਸਬਜ਼ੀ ਦੇ ਵਿਕ੍ਰੇਤਾ, ਰਾਸ਼ਨ ਲਈ, ਸ਼ਾਮ ਦੇ 4 ਵਜੇ ਤੋਂ 5 ਵਜੇਂ ਤੱਕ ਪਸ਼ੂਆਂ ਲਈ ਚਾਰਾ ਲਿਆਉਣ ਲਈ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਵੇਰੇ 7 ਤੋਂ 9 ਵਿਚਕਾਰ ਅਖ਼ਬਾਰ ਪਹੁੰਚਾਉਣਾ ਨਿਸ਼ਚਿਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਜ਼ਰੂਰਤ ਪੈਣ ਉੱਤੇ ਸਵੇਰੇ 10 ਤੋਂ 1 ਵਜੇ ਤੱਕ ਐਲ਼ਪੀਜੀ ਗੈਸ ਦੀ ਸਪਲਾਈ ਲਈ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਉਹ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣ ਤੇ ਜ਼ਰੂਰਤ ਪੈਣ ਉੱਤੇ ਲੋਕਾਂ ਨੂੰ ਸਮਾਨ ਉਨ੍ਹਾਂ ਦੇ ਘਰਾਂ ਵਿੱਚ ਹੀ ਪਹੁੰਚਾਇਆ ਜਾਵੇਗਾ।