ਮਾਨਸਾ: ਵਿਸ਼ਵ ਭਰ ਦੇ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਭਾਰਤ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਹਲਾਂਕਿ ਗਰਭਵਤੀ ਔਰਤਾਂ ਨੂੰ ਇਹ ਕੋਰੋਨਾ ਵੈਕਸੀਨ ਨਹੀਂ ਲਗਾਈ ਜਾ ਰਹੀ ਸੀ, ਪਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਹੁਣ ਗਰਭਵਤੀ ਔਰਤਾਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਂਚ ਲਈ ਈਟੀਵੀ ਭਾਰਤ ਦੀ ਟੀਮ ਨੇ ਸਿਵਲ ਹਸਪਤਾਲ ਮਾਨਸਾ ਦਾ ਦੌਰਾ ਕੀਤਾ ਤੇ ਇਸ ਦੀ ਜ਼ਮੀਨੀ ਹਕੀਕਤ ਜਾਨਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਜਾਂਚ ਕਰਵਾਉਣ ਲਈ ਹਸਪਤਾਲ ਆਇਆਂ ਗਰਭਵਤੀ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਕੋਰੋਨਾ ਵੈਕਸੀਨ ਨਹੀਂ ਲਗਾਈ ਜਾ ਰਹੀ ਹੈ। ਗਰਭਵਤੀ ਮਹਿਲਾ ਮਨਦੀਪ ਕੌਰ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਪਹਿਲਾਂ ਆਪਣੇ ਟੀਕਾ ਲਗਵਾਉਣ ਆਈ ਸੀ, ਪਰ ਡਾਕਟਰਾਂ ਨੇ ਸਿੱਧੇ ਤੌਰ 'ਤੇ ਇਹ ਜਵਾਬ ਦੇ ਦਿੱਤਾ ਕਿ ਇਹ ਟੀਕਾ ਗਰਭਵਤੀ ਔਰਤਾਂ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ।
ਇੱਕ ਹੋਰ ਮਹਿਲਾ ਪੂਨਮ ਰਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਲਈ ਕੋਰੋਨਾ ਵੈਕਸੀਨ ਲਗਾਉਣ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਮਾਂ ਤੇ ਬੱਚੇ ਦੋਹਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਆ ਮਿਲੇਗੀ।ਉਨ੍ਹਾਂ ਸਰਕਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਵੈਕਸੀਨ ਜ਼ਰੂਰ ਲਗਵਾਉਣ ਪਰ ਜਾਗਰੂਕਤਾ ਨਾ ਹੋਣ ਦੇ ਕਾਰਨ ਕਈ ਔਰਤਾਂ ਇਹ ਵੈਕਸੀਨ ਲਗਵਾਉਣ ਤੋਂ ਘਬਰਾ ਰਹੀਆਂ ਹਨ।
ਇਲਾਜ ਲਈ ਹਸਪਤਾਲ ਆਈ ਮਹਿਲਾ ਪਰਮਜੀਤ ਕੌਰ ਨੇ ਕਿਹਾ ਕਿ ਉਹ ਕੋਰੋਨਾ ਦੀ ਵੈਕਸੀਨ ਲਗਵਾਉਣਾ ਚਾਹੁੰਦੀਆਂ ਹਨ, ਪਰ ਹਸਪਤਾਲ ਦੇ ਵਿੱਚ ਜਾਣ 'ਤੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਗਰਭਵਤੀ ਔਰਤਾਂ ਦੇ ਕੋਰੋਨਾ ਦੀ ਵੈਕਸੀਨ ਨਹੀਂ ਲੱਗ ਰਹ।
ਇਸ ਸਬੰਧੀ ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਡਾ. ਹਰਚੰਦ ਸਿੰਘ ਨੇ ਦੱਸਿਆ ਗਰਭਵਤੀ ਔਰਤਾਂ ਲਈ ਵੈਕਸੀਨੇਸ਼ਨ ਸ਼ੁਰੂ ਹੋ ਚੁੱਕਾ ਹੈ। ਹੁਣ ਗਰਭਵਤੀ ਔਰਤਾਂ ਵੀ ਅਸਾਨੀ ਨਾਲ ਕੋਰੋਨਾ ਵੈਕਸੀਨ ਲਗਵਾ ਸਕਣਗੀਆਂ। ਇਸ ਦੇ ਲਈ ਹਸਪਤਾਲ ਵਿੱਚ ਸਾਰੇ ਪ੍ਰਬੰਧ ਤੇ ਸੁਵਿਧਾਵਾਂ ਮੁਕੰਮਲ ਕੀਤੇ ਗਏ ਹਨ ਤਾਂ ਜੋ ਗਰਭਵਤੀ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾਂ ਹੋਵੇ। ਸਰਕਾਰ ਵੱਲੋਂ ਇਹ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲ ਦੀ ਏਐਨਐਮ ਜੀਐਮ ਵੱਲੋਂ ਵੈਕਸੀਨੇਸ਼ਨ ਲਈ ਔਰਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : " ਬੱਚਿਆਂ ਦੇ ਟਿਫਨਾਂ ਤੱਕ ਪੁੱਜੇ ਬੰਬ "