ਮਾਨਸਾ: ਜ਼ਿਲ੍ਹੇ ਦੇ ਖਰੀਦ ਕੇਂਦਰਾਂ 'ਤੇ ਕਣਕ ਦੀ ਲਿਫਟਿੰਗ ਨਾ ਹੋਣ ਅਤੇ ਬਾਰਦਾਨਾ ਨਾ ਆਉਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡ ਭੈਣੀਬਾਘਾ ਦੇ ਖਰੀਦ ਕੇਂਦਰ 'ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਨੇ ਸੋਸ਼ਲ ਡਿਸਟੈਂਸ ਦਾ ਖ਼ਾਸ ਧਿਆਨ ਰੱਖਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਗੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਗਦੇਵ ਸਿੰਘ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਸਮੇਂ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਹੀ ਮੰਡੀਆਂ 'ਚੋਂ ਲਿਫਟਿੰਗ ਹੋ ਰਹੀ ਹੈ ਅਤੇ ਨਾ ਹੀ ਬਾਰਦਾਨਾ ਆ ਰਿਹਾ ਹੈ, ਜਿਸ ਕਾਰਨ ਮੰਡੀਆਂ 'ਚੋਂ ਕਣਕ ਦੇ ਲਈ ਜਗ੍ਹਾ ਵੀ ਨਹੀਂ ਬਚੀ।
ਇਹ ਵੀ ਪੜੋ: ਆਪ' ਨੇ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਕੀਤੀ ਸ਼ੁਰੂ, ਭਗਵੰਤ ਮਾਨ ਨੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ
ਉੱਥੇ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਕਣਕ ਵੇਚ ਚੁੱਕੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਗੇ।