ਮਾਨਸਾ:ਕਿਸਾਨ ਇਕਬਾਲ ਸਿੰਘ ਅਤੇ ਕਿਸਾਨ ਗੁਰਜੰਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅਜਿਹੇ ਫੈਸਲੇ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਡੀਏਪੀ ਖਾਦ ਦਾ ਗੱਟਾ 1100 ਰੁਪਏ ਦਾ ਮਿਲਦਾ ਸੀ ਅਤੇ ਵਜ਼ਨ ਵੀ 50 ਕਿਲੋ ਸੀ ਤੇ ਹੁਣ ਕੇਂਦਰ ਸਰਕਾਰ ਇਸ ਗੱਟੇ ਦਾ ਰੇਟ ਵਧਾ ਕੇ 1900 ਰੁਪਏ ਕਰ ਰਹੀ ਅਤੇ ਗੱਟੇ ਦਾ ਵਜ਼ਨ ਵੀ 45 ਕਿੱਲੋ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿੱਤ ਦਿਨ ਕਿਸਾਨਾਂ ਤੇ ਨਵੇਂ ਬੋਝ ਪਾ ਰਹੀ ਹੈ ਪਹਿਲਾਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਹਨ ਅਤੇ ਇਸੇ ਫੈਸਲੇ ਦੇ ਤਹਿਤ ਹੀ ਅਜਿਹੇ ਡੀ ਏ ਪੀ ਅਤੇ ਹੋਰ ਖਾਦਾਂ ਦੇ ਵਿਚ ਵਾਧੇ ਕਰਕੇ ਕਿਸਾਨਾਂ ਦਾ ਕਚੂੰਮਰ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਡੀਏਪੀ ਖਾਦ ਦੇ ਵਿੱਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ ।
ਆੜ੍ਹਤੀਆ ਐਸੋਸੀਏਸ਼ਨ ਤੇ ਡੀਲਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀ ਏ ਪੀ ਖਾਦ ਦੇ ਰੇਟਾਂ ਵਿੱਚ ਕੀਤਾ ਗਿਆ ਵਾਧਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਅਤੇ ਡੀ ਏ ਪੀ ਸਮੇਤ ਹੋਰ ਖਾਦਾਂ ਅਤੇ ਬੀਜਾਂ ਦੇ ਵਿੱਚ ਕੇਂਦਰ ਸਰਕਾਰ ਵਾਅਦੇ ਕਰਕੇ ਅਜਿਹੇ ਫ਼ੈਸਲੇ ਲਾਗੂ ਕਰ ਰਹੀ ਹੈ ਜਿਸ ਨਾਲ ਅੱਜ ਹਰ ਵਰਗ ਤੰਗ ਪਰੇਸ਼ਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੇ ਡੀਏਪੀ ਖਾਦ ਵਿਚ ਕੀਤਾ ਗਿਆ ਵਾਧਾ ਵਾਪਸ ਨਾ ਲਿਆ ਤਾਂ ਇਸ ਦੇ ਨਾਲ ਕਿਸਾਨਾਂ ਦੀ ਜੇਬ ਜਿੱਥੇ ਢਿੱਲੀ ਹੋਵੇਗੀ ਉਥੇ ਵਪਾਰੀ ਵਰਗ ਨੂੰ ਵੀ ਇਸ ਦਾ ਘਾਟਾ ਝੱਲਣਾ ਪਵੇਗਾ ।