ਮਾਨਸਾ: ਜ਼ਿਲ੍ਹੇ ਦੇ ਸ਼ਹਿਰਾਂ ਤੇ ਕਸਬਿਆਂ ਤੋਂ ਬਾਅਦ ਪਿੰਡਾਂ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਣ ਲੱਗਾ ਹੈ। ਜਿਸ ਕਾਰਨ ਕੰਟੋਨਮੇਂਟ ਜ਼ੋਨ ਐਲਾਨ ਕੀਤੇ ਚਾਰ ਪਿੰਡਾਂ ਦੇ ਨਾਲ-ਨਾਲ ਮਾਨਸਾ ਦੇ ਵਾਰਡ ਨੰ 17 ਤੇ ਭੀਖੀ ਦੇ ਵਾਰਡ ਨੰ 1 ਨੂੰ ਮਾਇਕਰੋ ਕੰਟੋਨਮੇਂਟ ਜ਼ੋਨ ਐਲਾਨ ਦਿੱਤਾ। ਉਥੇ ਹੀ ਪਿੰਡ ਫਫੜੇ ਭਾਈਕਾ, ਜੋਗਾ ਤੇ ਪਿੰਡ ਲੋਹਗੜ੍ਹ ਨੂੰ ਕੰਟੋਨਮੇਂਟ ਜ਼ੋਨ ਘੋਸ਼ਿਤ ਕਰ ਦਿੱਤਾ ਹੈ।
ਮਾਨਸਾ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਕੰਟੋਨਮੇਂਟ ਜੋਨ ਵਿੱਚ ਸ਼ਾਮਲ ਕੀਤੇ ਪਿੰਡ ਖਿਆਲਾ ਕਲਾਂ, ਮਲਕਪੁਰ ਖਿਆਲਾ, ਬੁਰਜ ਰਾਠੀ ਅਤੇ ਨੰਗਲ ਕਲਾਂ ਦਾ ਕੰਟੇਨਮੇਂਟ ਜ਼ੋਨ ਜਾਰੀ ਰਹਿਣ ਦਾ ਸਮਾਂ ਵਧਾ ਦਿੱਤਾ ਹੈ, ਉਥੇ ਹੀ ਮਾਨਸਾ ਦੇ ਵਾਰਡ ਨੰ 17 ਅਤੇ ਭੀਖੀ ਦੇ ਵਾਰਡ ਨੰ 1 ਨੂੰ ਮਾਇਕਰੋ ਕੰਟੇਨਮੇਂਟ ਜੋਨ ਅਤੇ ਮਾਨਸਾ ਦੇ ਹੀ ਪਿੰਡ ਫਫੜੇ ਭਾਈਕੇ, ਪਿੰਡ ਜੋਗਾ ਅਤੇ ਪਿੰਡ ਲੋਹਗੜ੍ਹ ਨੂੰ ਕੰਟੋਨਮੇਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਜੋਗਾ ਦੇ ਪ੍ਰਾਇਮਰੀ ਹੈਲਥ ਸੈਂਟਰ 'ਚ ਤੈਨਾਤ ਡਾ. ਨਿਸ਼ਾਂਤ ਸੋਹਲ ਨੇ ਦੱਸਿਆ ਕਿ ਜੋਗਾ ਨੂੰ ਕੰਟਨਮੇਂਟ ਜ਼ੋਨ ਘੋਸ਼ਿਤ ਕਰਨ ਤੋਂ ਬਾਅਦ ਪੀ.ਐਚ.ਸੀ. ਜੋਗਾ ਅਤੇ ਪਿੰਡ ਵਿੱਚ ਲਗਾਤਾਰ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਸੈਂਪਲ ਜ਼ਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਜੋਗਾ ਵਿੱਚ ਇਸ ਸਮੇਂ 50 ਦੇ ਕਰੀਬ ਮਰੀਜ ਹਨ ਅਤੇ 10 ਤੋਂ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਅਪਨਾਉਣ ਦੀ ਅਪੀਲ ਕੀਤੀ।
ਪੁਲਿਸ ਦੁਆਰਾ ਪਿੰਡ ਵਿੱਚ ਨਾਕਾਬੰਦੀ ਕਰਕੇ ਬਾਹਰੀ ਲੋਕਾਂ ਦੀ ਐਂਟਰੀ ਬੰਦ ਕੀਤੀ ਗਈ ਹੈ। ਥਾਣਾ ਜੋਗਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਦੇ ਹੁਕਮ ਉੱਤੇ ਸਿਹਤ ਵਿਭਾਗ ਦੀ ਸਿਫਾਰਿਸ਼ ਅਨੁਸਾਰ ਪਿੰਡ ਜੋਗਾ ਨੂੰ ਕੰਟੋਨਮੇਂਟ ਜ਼ੋਨ ਐਲਾਨ ਕੀਤਾ ਗਿਆ ਹੈ ਕਿਉਂਕਿ ਇੱਥੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਮਿਲਕੇ ਲੋਕਾਂ ਨੂੰ ਜਾਗਰੂਕ ਕਰਕੇ ਕੋਰੋਨਾ ਸੈਂਪਲ ਅਤੇ ਵੈਕਸੀਨੇਸ਼ਨ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਿੰਡ ਵਿੱਚ ਐਂਟਰੀ ਪੁਆਇੰਟ ਉੱਤੇ ਨਾਕਾਬੰਦੀ ਕੀਤੀ ਗਈ ਹੈ ਤਾਂਕਿ ਬਾਹਰੀ ਲੋਕਾਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ ਅਤੇ ਕੋਰੋਨਾ ਚੇਨ ਨੂੰ ਤੋੜਿਆ ਜਾ ਸਕੇ।