ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਕਤਲ ਤੋਂ ਬਾਅਦ ਪੰਜਾਬ ਸਰਕਾਰ ਸੁਰੱਖਿਆ ਦੇ ਮੁੱਦੇ ਨੂੰ ਲੈਕੇ ਘਿਰਦੀ ਜਾ ਰਹੀ ਹੈ। ਇਸਦੇ ਨਾਲ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਨਵੀਂ ਸਰਕਾਰ ਉੱਪਰ ਦਬਾਅ ਬਣਾਉਣ ਦੇ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਘਰ ਪਹੁੰਚ ਰਹੀਆਂ ਹਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੀਆਂ ਹਨ।
ਮੂਸੇਵਾਲਾ ਦੇ ਕਤਲ ਨੂੰ ਲੈਕੇ ਭਖੀ ਸਿਆਸਤ: ਇਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਮਾਨ ਸਰਕਾਰ ਤੇ ਕਾਨੂੰਨ ਵਿਵਸਥਾ ਨੂੰ ਲੈਕੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸਦੇ ਚੱਲਦੇ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਭਾਜਪਾ ਵਫਦ ਵੱਲੋਂ ਮੁਲਾਕਾਤ ਕੀਤੀ ਗਈ ਹੈ। ਇਸ ਵਫਦ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸੁਨੀਲ ਜਾਖੜ ਅਤੇ ਹੋਰ ਭਾਜਪਾ ਦੇ ਵੱਡੇ ਲੀਡਰ ਸ਼ਾਮਿਲ ਸਨ।
ਕੇਂਦਰੀ ਮੰਤਰੀ ਨੇ ਘੇਰੀ ਮਾਨ ਸਰਕਾਰ: ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਭਗਵੰਤ ਮਾਨ ਸਰਕਾਰ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸਦੇ ਨਾਲ ਹੀ ਸ਼ੇਖਾਵਤ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੌਕੀ ਸ਼ੌਹਰਤ ਹਾਸਿਲ ਕਰਨ ਦੇ ਲਈ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਜੋ ਸਰਕਾਰ ਦੇ 3 ਮਹੀਨਿਆਂ ਦੀ ਕਾਰਗੁਜਾਰੀ ਰਹੀ ਹੈ ਉਹ ਸਹੀ ਨਹੀਂ ਜਿਸਦੇ ਚੱਲਦੇ ਧਿਆਨ ਭਟਕਾਉਣ ਲਈ ਅਜਿਹੀਆਂ ਕਾਰਵਾਈਆਂ ਕਰਵਾਈਆ ਜਾ ਰਹੀਆਂ ਹਨ।ਉਨ੍ਹਾਂ ਕਿਹਾ ਸੁਰੱਖਿਆ ਨੂੰ ਘਟਾ ਕੇ ਅਤੇ ਉਸਦੀ ਜਾਣਕਾਰੀ ਸਾਰਿਆਂ ਸਾਂਝੀ ਕਰ ਗੈਂਗਸਟਰਾਂ ਨੂੰ ਅਜਿਹਾ ਕਰਨ ਦੀ ਖੁੱਲ੍ਹ ਦਿੱਤੀ।
ਕੇਜਰੀਵਾਲ ਤੇ ਬੋਲੇ ਗਜੇਂਦਰ ਸ਼ੇਖਾਵਤ: ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਵਿੱਚ ਆਪਣਾ ਜਵਾਬ ਦੇਣਾ ਪਵੇਗਾ ਕਿ ਆਖਿਰ ਕਿਉਂ ਸੁਰੱਖਿਆ ਨੂੰ ਘਟਾਇਆ ਗਿਆ ਅਤੇ ਇਸਦੀ ਜਾਣਕਾਰੀ ਕਿਉਂ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਗਈ। ਇਸ ਦੌਰਾਨ ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਬੀਐਸਐਫ ਦੇ ਵਧਾਏ ਦਾਇਰੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਹਥਿਆਰ ਤੇ ਨਸ਼ਾ ਆ ਰਿਹਾ ਹੈ ਇਸਦੇ ਚੱਲਦੇ ਕੇਂਦਰ ਨੇ ਅਜਿਹਾ ਫੈਸਲਾ ਲਿਆ ਸੀ ਪਰ ਕੇਜਰੀਵਾਲ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਕੇਜਰੀਵਾਲ ਇਸਦਾ ਜਵਾਬ ਜ਼ਰੂਰ ਦੇਣ ਜੋ ਪੰਜਾਬ ਵਿੱਚ ਗੈਰਕਾਨੂੰਨੀ ਹਥਿਆਰ ਆ ਰਹੇ ਹਨ।
ਓਧਰ ਭਾਜਪਾ ਆਗੂ ਹੌਬੀ ਧਾਲੀਵਾਲ ਨੇ ਵੀ ਮਾਨ ਸਰਕਾਰ ਨੂੰ ਘੇਰਿਆ ਹੈ। ਇਸਦੇ ਨਾਲ ਹੀ ਉਨ੍ਹਾਂ ਗੈਂਗਸਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੈਂਗਵਾਰ ਨੂੰ ਖਤਮ ਕੀਤਾ ਜਾਵੇ।
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਹਾਈਕੋਰਟ ਤੋਂ ਵੱਡਾ ਝਟਕਾ