ਲੁਧਿਆਣਾ : ਦੇਸ਼ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਮੁਹਿੰਮ ਵੀ ਚੱਲ ਰਹੀ ਹੈ। ਉੱਥੇ ਹੀ ਹਰ ਕੋਈ ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾ ਰਿਹਾ ਹੈ। ਚੰਡੀਗੜ੍ਹ ਤੋਂ ਇਕ ਸਾਇਕਲਿਸਟ ਦਾ ਗਰੁੱਪ ਇਸ ਵਾਰ ਵਾਹਗਾ ਬਾਰਡਰ ਉੱਤੇ ਅਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਣ ਲਈ ਇਕ ਸਾਇਕਲ ਯਾਤਰਾ ਕੱਢ ਰਿਹਾ ਹੈ। ਅੱਜ ਸਵੇਰੇ 4 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਈ ਇਹ ਸਾਇਕਲ ਰੈਲੀ 12 ਵਜੇ ਦੇ ਕਰੀਬ ਲੁਧਿਆਣਾ ਪੁੱਜੀ। ਇਹ ਸਾਇਕਲਿਸਟ ਜਲੰਧਰ ਰੁਕਣ ਤੋਂ ਬਾਅਦ ਸਵੇਰੇ ਫਿਰ ਅੰਮ੍ਰਿਤਸਰ ਵਾਹਗਾ ਬਾਰਡਰ ਪੁੱਜਣਗੇ। ਇਸ ਗਰੁੱਪ ਵਿੱਚ ਬੱਚੇ ਅਤੇ ਨੌਜਵਾਨ ਵੀ ਸ਼ਾਮਿਲ ਹਨ। 9 ਸਾਲ ਤੋਂ ਲੈਕੇ 45 ਸਾਲ ਤੱਕ ਦੇ ਮੈਂਬਰ ਇਸ ਗਰੁੱਪ ਚ ਸ਼ਾਮਿਲ ਹਨ। ਬੱਚੇ ਵੀ ਵੱਡਿਆਂ ਦੇ ਨਾਲ 260 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ।
ਇਹ ਗਰੁੱਪ ਪਹਿਲਾਂ ਵੀ ਕਰ ਚੁੱਕਾ ਲੰਬੀ ਯਾਤਰਾ : ਯਾਤਰਾ ਵਿੱਚ ਸ਼ਾਮਿਲ ਵਿਕਰਾਂਤ ਸ਼ਰਮਾ ਨੇ ਦੱਸਿਆ ਕਿ ਇਹ ਤੀਜੀ ਯਾਤਰਾ ਹੈ, ਇਸ ਤੋਂ ਪਹਿਲਾਂ ਕੁੱਲੂ ਤੋਂ ਅਟਲ ਟਨਲ ਤੱਕ 10 ਹਜ਼ਾਰ ਫੁੱਟ ਦੀ ਚੜਾਈ ਕੀਤੀ ਸੀ। ਉਸ ਤੋਂ ਪਹਿਲਾਂ ਉਹ ਚੰਡੀਗੜ੍ਹ ਤੋਂ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਗਏ ਸਨ। ਉਨ੍ਹਾ ਕਿਹਾ ਕਿ ਸਾਡਾ ਮੁੱਖ ਮੰਤਵ ਲੋਕਾਂ ਨੂੰ ਪ੍ਰਦੂਸ਼ਣ, ਪੈਟਰੋਲ ਅਤੇ ਡੀਜ਼ਲ ਤੋਂ ਵੀ ਅਜ਼ਾਦੀ ਦਵਾਉਣਾ ਹੈ ਤਾਂਕਿ ਸਾਇਕਲ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕੀਤਾ ਜਾ ਸਕੇ। ਇਸ ਮੌਕੇ ਸਾਇਕਲ ਚਲਾਉਣ ਵਾਲੇ ਬੱਚਿਆਂ ਨੇ ਦੱਸਿਆ ਕਿ ਉਹ ਖੁਸ਼ ਹਨ। ਉਨ੍ਹਾ ਵਿੱਚ ਦੇਸ਼ ਭਾਵਨਾ ਜਾਗੀ ਹੈ। ਬੱਚਿਆਂ ਨੇ ਕਿਹਾ ਕਿ ਉਹ ਰਸਤੇ ਵਿੱਚ ਥੋੜੀ ਦੇਰ ਲਈ ਹੀ ਰੁਕਦੇ ਹਨ। ਉਨ੍ਹਾ ਦੇ ਮੈਡੀਕਲ ਕਿੱਟ ਵੀ ਹੁੰਦੀ ਹੈ ਤਾਂ ਜੋ ਸੱਟ ਲੱਗਣ ਦੀ ਸੂਰਤ ਵਿੱਚ ਉਹ ਆਪਣਾ ਇਲਾਜ ਕਰ ਸਕਣ।
ਸਾਇਕਲ ਚਲਾਉਣ ਲਈ ਕੀਤਾ ਜਾਗਰੂਕ : ਇਸ ਮੌਕੇ ਸਾਇਕਲਿਸਟ ਅਸ਼ਵਨੀ ਕੁਮਾਰ ਨੇ ਕਿਹਾ ਕਿ ਅੱਜ ਦੇ ਯੁੱਗ ਦੇ ਵਿੱਚ ਸਾਇਕਲ ਨਾਲ ਵੀ ਸ਼ੌਂਕ ਪੂਰੇ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਲੋਕ ਮਹਿੰਗੀਆਂ ਕਾਰਾਂ ਖਰੀਦਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਜਦੋਂਕਿ ਲੋਕਾਂ ਨੂੰ ਸਾਇਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਹਜ਼ਾਰਾਂ ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੀ ਕੀਮਤ ਦੇ ਸਾਇਕਲ ਮਾਰਕੀਟ ਦੇ ਵਿੱਚ ਉਪਲੱਬਧ ਹਨ। ਇਸਦੇ ਨਾਲ ਹੀ ਸਾਇਕਲ ਚਲਾਉਣ ਵਾਲੇ ਹੋਰ ਬੱਚਿਆਂ ਵੱਲੋਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਸਾਇਕਲ ਚਲਾਉਣ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸਾਇਕਲ ਪੈਸਿਆਂ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਬਚਾਉਂਦਾ ਹੈ।