ਲੁਧਿਆਣਾ: ਗੁਰੂ ਨਾਨਕ ਦੇਵ ਜੀ ਦੇ 13-13 ਤੋਲਣ ਦੀ ਮਿਸਾਲ ਇਸ ਕੋਰੋਨਾ ਦਰਮਿਆਨ ਆਈਆਂ ਮੁਸ਼ਕਿਲਾਂ ਮੌਕੇ ਦੇਖਣ ਨੂੰ ਮਿਲੀ। ਲੁਧਿਆਣਾ ਦੇ ਵਿੱਚ ਕੁੱਝ ਨੌਜਵਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ 13-13 ਤੋਲਣ ਦੇ ਸੰਕਲਪ ਨੂੰ ਅਪਣਾਇਆ ਗਿਆ ਅਤੇ ਜਨ ਔਸ਼ਧੀ ਸੈਂਟਰ ਖੋਲ੍ਹ ਕੇ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਘੱਟ ਕੀਮਤ ਉੱਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।
ਸਿਮਰਜੀਤ ਸਿੰਘ ਬੈਂਸ ਨੇ ਕੀਤੀ ਸ਼ਲਾਘਾ
ਜੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਲੁਧਿਆਣਾ ਦੀ ਕੋਚਰ ਮਾਰਕਿਟ ਵਿੱਚ ਇੱਕ ਹਰਜੋਤ ਸਿੰਘ ਸੈਣੀ ਨਾਂਅ ਦੇ ਨੌਜਵਾਨ ਦੇ ਵੱਲੋਂ ਮੁਫ਼ਤ ਦਵਾਈਆਂ ਦਾ ਲੰਗਰ ਲਾਇਆ ਗਿਆ।
ਇਸ ਮੌਕੇ ਪੁੱਜੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਨੌਜਵਾਨ ਹਰਜੋਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਚਾਹ ਪਕੌੜੇ ਅਤੇ ਹੋਰਨਾਂ ਖਾਣ ਦੀਆਂ ਚੀਜ਼ਾਂ ਦਾ ਲੰਗਰ ਹਰ ਕੋਈ ਲਾਉਂਦਾ ਹੈ ਪਰ ਅੱਜ ਸਭ ਤੋਂ ਜ਼ਿਆਦਾ ਲੋੜ ਦਵਾਈਆਂ ਦੀ ਹੈ ਅਤੇ ਇਸ ਨੌਜਵਾਨ ਵੱਲੋਂ ਦਵਾਈਆਂ ਦਾ ਲੰਗਰ ਲਾ ਕੇ ਸਮਾਜ ਨੂੰ ਇੱਕ ਨਵਾਂ ਸੁਨੇਹਾ ਦਿੱਤਾ ਗਿਆ ਹੈ।
ਕੋਰੋਨਾ ਦਰਮਿਆਨ ਲੋਕਾਂ ਦਾ ਬੁਰਾ ਹਾਲ
ਬੈਂਸ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਗਏ ਸਨ। ਲੋਕਾਂ ਵੱਲੋਂ ਆਪਣੇ ਬੱਚਿਆਂ ਦੀਆਂ ਸਕੂਲਾਂ ਦੀਆਂ ਫ਼ੀਸਾਂ, ਕਿਸ਼ਤਾਂ ਭਰਨੀਆਂ ਅਤੇ ਹੋਰ ਖ਼ਰਚੇ ਕਰਨੇ ਮੁਸ਼ਕਿਲ ਹੋ ਗਏ ਸਨ। ਇੱਥੋਂ ਤੱਕ ਕਿ ਦਵਾਈਆਂ ਅਤੇ ਇਲਾਜ ਕਰਵਾਉਣਾ ਵੀ ਔਖਾ ਹੋ ਗਿਆ ਸੀ।
ਸਰਕਾਰਾਂ ਦੀ ਦਵਾਈ ਕੰਪਨੀਆਂ ਨਾਲ ਮਿਲੀਭੁਗਤ
ਬੈਂਸ ਨੇ ਕਿਹਾ ਕਿ ਸਾਡੇ ਡਾਕਟਰ ਮਹਿੰਗੀਆਂ ਬ੍ਰਾਂਡਿਡ ਦਵਾਈਆਂ ਲਿਖ ਕੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ। ਜਦੋਂ ਕਿ ਸਰਕਾਰ ਵੱਲੋਂ ਡਾਕਟਰਾਂ ਨੂੰ ਦਵਾਈ ਦਾ ਨਾਂਅ ਲਿਖਣ ਦੀ ਇਜਾਜ਼ਤ ਨਹੀਂ ਹੈ, ਉਹ ਸਿਰਫ਼ ਦਵਾਈ ਦਾ ਸਾਲਟ ਹੀ ਲਿਖ ਸਕਦੇ ਹਨ।
ਚਿੱਟੇ ਕੋਟਾਂ ਵਾਲਿਆਂ ਦੀ ਧੰਦਾਗਿਰੀ
ਬੈਂਸ ਨੇ ਕਿਹਾ ਕਿ ਅੱਜ ਕੋਰੋਨਾ ਨੂੰ ਲੈ ਕੇ ਪੰਜਾਬ ਵਿੱਚ ਤ੍ਰਾਹੀ-ਤ੍ਰਾਹੀ ਹੋਈ ਪਈ ਹੈ। ਉਨ੍ਹਾਂ ਦੱਸਿਆ ਕਿ ਸਾਡੇ ਬਜ਼ੁਰਗਾਂ ਵੱਲੋਂ ਚਿੱਟੇ ਕਪੜਿਆਂ ਵਾਲੇ ਡਾਕਟਰਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ ਸੀ। ਪਰ ਹੁਣ ਇਸ ਮਹਾਂਮਾਰੀ ਦੌਰਾਨ ਚਿੱਟੇ ਕੋਟਾਂ ਵਾਲੇ ਡਾਕਟਰ ਸਿਰਫ਼ ਧੰਦਾਗਿਰੀ ਉੱਤੇ ਉਤਰੇ ਹੋਏ ਹਨ। ਉਨ੍ਹਾਂ ਨੇ ਉਥੇ ਹੀ ਦੱਸਿਆ ਕਿ ਸੂਬੇ ਦੇ ਵਿੱਚ ਪੀ.ਜੀ.ਆਈ. ਅਤੇ ਹੋਰ ਜਿੰਨੇ ਵੀ ਵੱਡੇ ਹਸਪਤਾਲ ਹਨ, ਉਨ੍ਹਾਂ ਵਿੱਚ ਵੀ ਇਲਾਜ ਨਹੀਂ ਹੋ ਰਹੇ ਹਨ।
ਅੰਤ ਵਿੱਚ ਉਨ੍ਹਾਂ ਨੇ ਹਰਜੋਤ ਸਿੰਘ ਸੈਣੀ ਵੱਲੋਂ ਖੋਲ੍ਹਿਆ ਜਨ ਔਸ਼ਧੀ ਸੈਂਟਰ ਬਹੁਤ ਹੀ ਵਧੀਆ ਉਪਰਾਲਾ ਹੈ, ਲੋਕ ਇਸ ਨੌਜਵਾਨ ਦੇ ਉਪਰਾਲੇ ਤੋਂ ਸੇਧ ਲੈਣ ਅਤੇ ਇਹ ਨੌਜਵਾਨ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਰਹੇ।