ਲੁਧਿਆਣਾ: ਹਰਿਆਣਾ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਭਰ 'ਚ ਸੰਘਰਸ਼ੀ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਵੱਖ-ਵੱਖ ਥਾਵਾਂ ਉੱਪਰ ਚੱਕਾ ਜਾਮ ਕੀਤਾ। ਇਸੇ ਤਹਿਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਵੀ ਅੱਜ ਕਿਸਾਨਾਂ ਵੱਲੋਂ 2 ਘੰਟੇ ਲਈ ਚੱਕਾ ਜਾਮ ਕੀਤਾ। ਜਿਸ ਨੂੰ ਕਾਮਯਾਬ ਬਣਾਉਣ ਲਈ ਕੁਝ ਮਹਿਲਾਵਾਂ ਵੀ ਇਨ੍ਹਾਂ ਧਰਨਿਆਂ 'ਚ ਸ਼ਾਮਿਲ ਹੋਈਆਂ।
ਇਸ ਦੌਰਾਨ ਸ਼ਾਮਿਲ ਹੋਈਆਂ ਮਹਿਲਾਵਾਂ ਨੇ ਕਿਹਾ ਕਿ ਅੱਜ ਆਪਣੇ ਪਰਿਵਾਰਾਂ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਇਕਜੁੱਟ ਹੋਣ ਦੀ ਲੋੜ ਹੈ ਤਾਂ ਜੋ ਸਰਕਾਰਾਂ ਦੇ ਖਿਲਾਫ਼ ਹੱਲਾ ਬੋਲਿਆ ਜਾ ਸਕੇ।
ਇਨ੍ਹਾਂ ਮਹਿਲਾਵਾਂ ਨੇ ਕਿਹਾ ਕਿ ਉਹ ਲਾਠੀਆਂ ਖਾਣ ਨੂੰ ਵੀ ਤਿਆਰ ਹਨ ਅਤੇ ਸਰਕਾਰਾਂ ਨਾਲ ਟੱਕਰ ਲੈਣ ਨੂੰ ਵੀ ਤਿਆਰ ਹਨ। ਮਹਿਲਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਤੱਕ ਕਿਸਾਨਾਂ ਦੇ ਹਿੱਤ 'ਚ ਕੋਈ ਕੰਮ ਨਹੀਂ ਕੀਤਾ। ਦਹਾਕੇ ਬੀਤ ਜਾਣ ਦੇ ਬਾਵਜੂਦ ਕਿਸਾਨ ਆਪਣੀ ਹੱਕੀ ਮੰਗਾਂ ਲਈ ਲੜਾਈ ਲੜਦਾ ਆ ਰਿਹਾ ਹੈ।
ਇਨ੍ਹਾਂ ਧਰਨਿਆਂ ਦੇ ਵਿੱਚ ਕੁਝ ਵਿਧਵਾਵਾਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਨੇ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਪਰ ਸਰਕਾਰਾਂ ਨਾਲ ਅੱਜ ਵੀ ਉਹ ਜੂਝ ਰਹੇ ਹਨ ਅਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ।