ਲੁਧਿਆਣਾ: ਜ਼ਿਲ੍ਹੇ ਦੇ ਮੱਤੇਵਾੜਾ ਵਿਖੇ ਇੱਕ ਹਜ਼ਾਰ ਤੋਂ ਵੱਧ ਏਕੜ ਵਿਚ ਜ਼ਮੀਨ ਐਕਵਾਇਰ ਕਰਕੇ ਉੱਥੇ ਟੈਕਸਟਾਈਲ ਪਾਰਕ ਲਗਾਉਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਤਲੁਜ ਕੰਢੇ ’ਤੇ ਟੈਕਸਟਾਈਲ ਪਾਰਕ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਅਤੇ ਸਤਲੁਜ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਣ ਦੇ ਨਾਲ ਲੁਧਿਆਣਾ ਦੇ ਬੁੱਢੇ ਨਾਲੇ ਵਰਗੇ ਹੀ ਸਤਲੁਜ ਦਰਿਆ ਦੇ ਹਾਲਾਤ ਹੋ ਜਾਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬੁੱਢਾ ਨਾਲਾ ਸਿੱਧਾ ਵਲੀਪੁਰ ਪਿੰਡ ਵਿੱਚ ਜਾ ਕੇ ਸਤਲੁਜ ਦਰਿਆ ਵਿੱਚ ਸੁੱਟਿਆ ਜਾਂਦਾ ਹੈ ਜਿਸ ਦਾ ਪ੍ਰਦੂਸ਼ਿਤ ਪਾਣੀ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਰਾਜਸਥਾਨ ਤੱਕ ਮਾਰ ਕਰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਜੇਕਰ ਬਿਲਕੁਲ ਸਤਲੁਜ ਦਰਿਆ ਦੇ ਕੰਢੇ ’ਤੇ ਹੀ ਵੱਡਾ ਇੰਡਸਟਰੀ ਪਾਰਕ ਲਗਾ ਦਿੱਤਾ ਗਿਆ ਤਾਂ ਨਾ ਸਿਰਫ ਇਥੋਂ ਦੇ ਲੋਕ ਉਜੜਨਗੇ ਸਗੋਂ ਸਾਡਾ ਚੌਗਿਰਦਾ ਵੀ ਖ਼ਰਾਬ ਹੋਵੇਗਾ।
ਕੀ ਹੈ ਪ੍ਰੋਜੈਕਟ?: ਦਰਅਸਲ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੱਤੇਵਾੜਾ ਵਿਖੇ ਟੈਕਸਟਾਈਲ ਪ੍ਰਾਜੈਕਟ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਦਾ ਭਗਵੰਤ ਮਾਨ ਖੁਦ ਵਿਰੋਧੀ ਪਾਰਟੀ ਹੋਣ ਦੇ ਦੌਰਾਨ ਖ਼ਿਲਾਫ਼ਤ ਕਰਦੇ ਰਹੇ ਪਰ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੌਰਾਨ ਮੱਤੇਵਾੜਾ ਦੇ ਟੈਕਸਟਾਈਲ ਪਾਰਕ ਨੂੰ ਹਰੀ ਝੰਡੀ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਨੂੰ ਲੈ ਕੇ ਹੁਣ ਸਥਾਨਕ ਪਿੰਡ ਵਾਸੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬਕਾਇਦਾ ਇਸ ਸਬੰਧੀ ਇੱਕ ਪਬਲਿਕ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਨੇ ਹੁਣ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਨਹੀਂ ਬਚੇ ਜੰਗਲ!: ਪੰਜਾਬ ਵਿੱਚ ਜੰਗਲਾਂ ਦੀ ਭਾਰੀ ਕਮੀ ਹੈ ਅਤੇ ਜੋ ਹਨ ਉਨ੍ਹਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 33 ਫ਼ੀਸਦੀ ਤੋਂ ਬਾਅਦ ਹੁਣ ਮਹਿਜ਼ 3.67 ਫ਼ੀਸਦੀ ਹੀ ਜੰਗਲ ਰਹਿ ਗਏ ਹਨ। ਖਾਸ ਕਰਕੇ ਮਾਛੀਵਾੜਾ ਮੱਤੇਵਾੜਾ ਜੰਗਲ ਸਿੱਖ ਗੁਰੂਆਂ ਦੇ ਨਾਲ ਵੀ ਸਬੰਧਤ ਰਹੇ ਹਨ ਅਤੇ ਇੱਥੇ ਹੁਣ ਟੈਕਸਟਾਈਲ ਪਾਰਕ ਨੂੰ ਲੈ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾ ਸਿਰਫ਼ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਸਗੋਂ ਵਿਰੋਧੀ ਪਾਰਟੀਆਂ ਵੀ ਇਸ ਦੇ ਖ਼ਿਲਾਫ਼ ਸਰਕਾਰ ਦੇ ਵਿਰੁੱਧ ਨਿੱਤਰ ਰਹੀਆਂ ਹਨ।
10 ਜੁਲਾਈ ਨੂੰ ਵੱਡਾ ਇਕੱਠ: ਸਿਮਰਨਜੀਤ ਸਿੰਘ ਮਾਨ ਜੋ ਕਿ ਹਾਲ ਹੀ ਵਿੱਚ ਸੰਗਰੂਰ ਲੋਕਸਭਾ ਤੋਂ ਜਿੱਤੇ ਹਨ ਉਨ੍ਹਾਂ ਦੇ ਬੇਟੇ ਮੱਤੇਵਾੜਾ ਦੇ ਜੰਗਲਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਐਲਾਨ ਕੀਤਾ ਕਿ ਪਬਲਿਕ ਐਕਸ਼ਨ ਕਮੇਟੀ ਦੇ ਸਹਿਯੋਗ ਦੇ ਨਾਲ ਹੋਰ ਵਾਤਾਵਰਣ ਪ੍ਰੇਮੀਆਂ ਨਾਲ ਮਿਲ ਕੇ ਉਹ ਦਸ ਜੁਲਾਈ ਨੂੰ ਇੱਥੇ ਵੱਡੇ ਇਕੱਠ ਕਰਨਗੇ ਜਿਸ ਵਿੱਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਥੇ ਵਧ ਚੜ੍ਹ ਕੇ ਪਹੁੰਚਣ।
ਮਾਨ ਸਰਕਾਰ ’ਤੇ ਵਰ੍ਹੇ ਸਿਮਰਨਜੀਤ ਮਾਨ ਦੇ ਪੁੱਤਰ!: ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਅਜਿਹੇ ਟੈਕਸਟਾਈਲ ਪਾਰਕਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਪਹਿਲਾਂ ਹੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਹੁਣ ਉਸ ਦੇ ਕੰਢੇ ਟੈਕਸਟਾਈਲ ਪਾਰਕ ਬਣਾ ਕੇ ਜੋ ਰਹਿੰਦੀ ਖੂੰਹਦੀ ਕਸਰ ਹੈ ਉਸਨੂੰ ਵੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਪ੍ਰਦੂਸ਼ਿਤ ਪਾਣੀ ਹੀ ਮਿਲਣਗੇ।
ਪਿੰਡ ਵਾਸੀ ਹੋਏ ਖ਼ਿਲਾਫ਼: ਮੱਤੇਵਾਲ ਜੰਗਲਾਂ ਦੇ ਇਲਾਕੇ ਵਿੱਚ ਵੱਡੀ ਤਾਦਾਦ ਅੰਦਰ ਖੇਤੀਯੋਗ ਜ਼ਮੀਨ ਵੀ ਹੈ ਜਿਸ ’ਤੇ ਖੇਤੀ ਕਰਕੇ ਕਈ ਪਿੰਡ ਜੋ ਮੱਤੇਵਾੜਾ ਦੇ ਨੇੜੇ ਲੱਗਦੇ ਹਨ ਜਿਵੇਂ ਸੇਖੋਵਾਲ ਆਦਿ ਖੇਤੀ ’ਤੇ ਹੀ ਨਿਰਭਰ ਸਨ ਸੈਂਕੜੇ ਆਬਾਦੀਆਂ ਵਾਲੇ ਇੰਨ੍ਹਾਂ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਵਿਚ ਲੋਕ ਆ ਕੇ ਵਸੇ ਅਤੇ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ ਪਰ ਜਦੋਂ ਜ਼ਮੀਨ ਨੂੰ ਸਖ਼ਤ ਮਿਹਨਤ ਦੇ ਨਾਲ ਲੋਕਾਂ ਨੇ ਪੱਧਰਾ ਕੀਤਾ ਤਾਂ ਉਸ ਨੂੰ ਪੰਚਾਇਤੀ ਜ਼ਮੀਨ ਵਿੱਚ ਪਾ ਦਿੱਤਾ ਗਿਆ।
ਹੁਣ ਇਸੇ ਜ਼ਮੀਨ ’ਤੇ ਗਲਾਡਾ ਨੇ ਅਧਿਕਾਰ ਕਰਕੇ ਇੱਕ ਹਜਾਰ ਏਕੜ ਤੋਂ ਵੱਧ ਜ਼ਮੀਨ ਟੈਕਸਟਾਈਲ ਪਾਰਕ ਲਈ ਐਕਵਾਇਰ ਕਰ ਲਈ ਹੈ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੇਖੋਵਾਲ ਪਿੰਡ ਦੇ ਸਾਬਕਾ ਸਰਪੰਚ ਨੂੰ ਕਿਹਾ ਕਿ ਅਸੀਂ ਭੁੱਖੇ ਮਰ ਜਾਵਾਂਗੇ ਕਿਉਂਕਿ ਸਾਡੇ ਰੁਜ਼ਗਾਰ ਦਾ ਮੁੱਖ ਸਾਧਨ ਖੇਤੀ ਹੀ ਹੈ ਅਤੇ ਸਾਡੇ ਤੋਂ ਜ਼ਮੀਨਾਂ ਖੋਹ ਲਈਆਂ ਹਨ।
ਵਾਤਾਵਰਣ ਪ੍ਰੇਮੀਆਂ ਦਾ ਤਰਕ: ਨਾ ਸਿਰਫ਼ ਪਿੰਡ ਵਾਸੀ ਵਿਰੋਧੀ ਪਾਰਟੀਆਂ ਸਗੋਂ ਵਾਤਾਵਰਣ ਪ੍ਰੇਮੀ ਵੀ ਮੱਤੇਵਾੜਾ ਦੇ ਜੰਗਲਾਂ ਨੂੰ ਕੱਟ ਕੇ ਉੱਥੇ ਟੈਕਸਟਾਈਲ ਪਾਰਕ ਬਣਾਉਣ ਦੇ ਖ਼ਿਲਾਫ਼ ਹਨ। ਦਰਅਸਲ ਮੱਤੇਵਾੜਾ ਦੇ ਜੰਗਲ ਲੁਧਿਆਣਾ ਤੋਂ ਜਲੰਧਰ ਜਾਂਦੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ’ਤੇ ਹੈ। ਇਹ ਵੱਡਾ ਇਲਾਕਾ ਜੰਗਲੀ ਜੀਵਾਂ ਲਈ ਸੁਰੱਖਿਅਤ ਹੈ। ਇੱਥੇ ਨਾ ਸਿਰਫ਼ ਜੰਗਲੀ ਜੀਵ ਹੈ ਸਗੋਂ ਇਸ ਇਲਾਕੇ ਵਿਚ ਹਰਬਲ ਪਾਰਕ ਵੀ ਬਣੇ ਹੋਏ ਹਨ ਜੋ ਕਿ ਆਪਣੇ ਆਪ ’ਚ ਵਿਲੱਖਣਤਾ ਦਰਸਾਉਂਦੇ ਹਨ।
ਟੈਕਸਟਾਈਲ ਪਾਰਕ ਚੌਗਿਰਦੇ ਲਈ ਹੋ ਸਕਦਾ ਹੈ ਘਾਤਕ!: ਇਸ ਤੋਂ ਇਲਾਵਾ ਸਤਲੁਜ ਦਰਿਆ ਦਾ ਕੰਢਾ ਹੋਣ ਕਰਕੇ ਇੱਥੇ ਟੈਕਸਟਾਈਲ ਪਾਰਕ ਬਣਾਉਣਾ ਚੌਗਿਰਦੇ ਨੂੰ ਖ਼ਰਾਬ ਕਰਨ ਲਈ ਹੋਰ ਵੀ ਘਾਤਕ ਸਿੱਧ ਹੋ ਸਕਦਾ ਹੈ। ਪ੍ਰਸਿੱਧ ਸਮਾਜ ਸੇਵੀ ਕਰਨਲ ਲਖਨਪਾਲ ਨੇ ਕਿਹਾ ਕਿ ਅਸੀਂ ਆਪਣੇ ਵਾਤਾਵਰਨ ਨੂੰ ਗੰਧਲਾ ਕਰ ਲਿਆ ਅਤੇ ਜੋ ਸਾਡੇ ਕੋਲ ਕੁਦਰਤੀ ਸੋਮੇ ਬਚੇ ਹਨ ਉਨ੍ਹਾਂ ਨੂੰ ਵੀ ਅਸੀਂ ਬਰਬਾਦ ਕਰਨ ਲਈ ਤੁਲੇ ਹੋਏ ਹਾਂ।
ਸਤਲੁਜ ਦਰਿਆ ਨੂੰ ਬਚਾਉਣ ਲਈ ਕਦਮ: ਦਰਅਸਲ ਸਤਲੁਜ ਦਰਿਆ ਮਾਲਵੇ ਦੀ ਲਾਈਫ ਲਾਈਨ ਹੈ। ਪੰਜਾਬ ਦਾ ਸਤਲੁਜ ਦਰਿਆ ਇਕਲੌਤਾ ਅਜਿਹਾ ਦਰਿਆ ਹੈ ਜੋ ਲੱਖਾਂ ਲੋਕਾਂ ਦੀ ਲਾਈਫ ਲਾਈਨ ਹੈ ਜੋ ਨਾ ਸਿਰਫ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦਾ ਹੈ ਸਗੋਂ ਕਿਸਾਨਾਂ ਨੂੰ ਸਿੰਚਾਈ ਯੋਗ ਪਾਣੀ ਵੀ ਮੁਹੱਈਆ ਕਰਵਾਉਂਦਾ ਹੈ। ਸਿਰਫ ਮਾਲਵਾ ਹੀ ਨਹੀਂ ਸਗੋਂ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਸਤਲੁਜ ਦਰਿਆ ਰਾਜਸਥਾਨ ਜਾਂਦਾ ਹੈ ਅਤੇ ਰਾਜਸਥਾਨ ਦੇ ਇੱਕ ਦਰਜਨ ਤੋਂ ਵੱਧ ਪਿੰਡ ਸਿੱਧੇ ਹੀ ਸਤਲੁਜ ਦਰਿਆ ਦੇ ਪਾਣੀ ’ਤੇ ਨਿਰਭਰ ਹੀ ਨਹੀਂ ਉਹ ਇਸ ਪਾਣੀ ਨੂੰ ਪੀਣ ਲਈ, ਨਹਾਉਣ ਲਈ ਅਤੇ ਸਿੰਚਾਈ ਲਈ ਵਰਤਦੇ ਹਨ।
ਖਤਰਨਾਕ ਬਿਮਾਰੀਆਂ ਫੈਲਣ ਦਾ ਖਦਸ਼ਾ: ਅਜਿਹੇ ’ਚ ਸਤਲੁਜ ਦਰਿਆ ਪਹਿਲਾਂ ਹੀ ਪ੍ਰਦੂਸ਼ਿਤ ਹੋ ਚੁੱਕਾ ਹੈ ਕਿਉਂਕਿ ਲੁਧਿਆਣਾ ਦੀ ਇੰਡਸਟਰੀ ਦਾ ਗੰਧਲਾ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਪਾਇਆ ਜਾਂਦਾ ਹੈ ਜੋ ਬਲੀਪੁਰ ਪਿੰਡ ਜਾ ਕੇ ਸਤਲੁਜ ’ਚ ਮਿਲਦਾ ਹੈ। ਅਜਿਹੇ ’ਚ ਲੋਕ ਭਿਆਨਕ ਬੀਮਾਰੀਆਂ ਤੋਂ ਪੀੜਤ ਨੇ ਕੈਂਸਰ ਵਰਗੀਆਂ ਬਿਮਾਰੀਆਂ ਮਾਲਵੇ ਇਲਾਕੇ ਦੇ ਵਿੱਚ ਪਸਰ ਚੁੱਕੀਆਂ ਹਨ। ਬਕਾਇਦਾ ਇੱਕ ਟਰੇਨ ਜਿਸ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ ਉਹ ਬਠਿੰਡੇ ਤੋਂ ਚੱਲ ਕੇ ਬੀਕਾਨੇਰ ਪਹੁੰਚਦੀ ਹੈ ਜਿਸ ਵਿਚ ਜ਼ਿਆਦਾਤਰ ਮਰੀਜ਼ ਕੈਂਸਰ ਅਤੇ ਕਾਲਾ ਪੀਲੀਆ ਦੇ ਹੀ ਹੁੰਦੇ ਹਨ।
ਅਜਿਹੇ ’ਚ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਚਿੰਤਤ ਹਨ ਕਿ ਜੇਕਰ ਸਾਡੇ ਕੁਦਰਤੀ ਸੋਮਿਆਂ ਨੂੰ ਖਤਮ ਕਰਕੇ ਮੁੜ ਤੋਂ ਸਤਲੁਜ ਦਰਿਆ ਦੇ ਵਿੱਚ ਗੰਧਲਾ ਪਾਣੀ ਜਾਂ ਟੈਕਸਟਾਈਲ ਪਾਰਕ ਸਤਲੁਜ ਕੰਢੇ ਹੀ ਬਣਾ ਦਿੱਤੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ।
ਇਹ ਵੀ ਪੜ੍ਹੋ: ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਵਿਧਾਨ ਸਭਾ ਸਪੀਕਰ ਸੰਧਵਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ