ਲੁਧਿਆਣਾ/ਖੰਨਾ: ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਪਾਰਕ ਨੂੰ ਲੈ ਕੇ ਅਕਵਾਇਰ ਕੀਤੀ ਜਾ ਰਹੀ ਪੰਚਾਇਤੀ ਜ਼ਮੀਨ ਦਾ ਮਾਮਲਾ ਦਿਨ-ਬ-ਦਿਨ ਭੱਖਦਾ ਜਾ ਰਿਹਾ ਹੈ। ਜਿਥੇ ਦੋ ਦਿਨ ਪਹਿਲਾਂ ਕੂੰਮਕਲਾਂ ਪੁਲਿਸ ਦੀ ਮਦਦ ਨਾਲ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਸੇਖੇਵਾਲ ਦੀ ਮਹਿਲਾ ਸਰਪੰਚ ਅਤੇ ਬਾਕੀ ਪੰਚਾਇਤ ਮੈਂਬਰਾਂ ਪਾਸੋਂ ਕਥਿਤ ਤੌਰ 'ਤੇ ਜ਼ਬਰਦਸਤੀ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕਾਰਨ ਇਹ ਮਾਮਲਾ ਹੋਰ ਤੂਲ ਫੜ ਗਿਆ ਹੈ।
ਸੰਘਰਸ਼ ਕਮੇਟੀ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪਿੰਡ ਸੇਖੇਵਾਲ ਦੀ ਪੰਚਾਇਤ ਦਾ ਸਾਥ ਦੇਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਲੀਗਲ ਸੈਲ ਇੰਚਾਰਜ਼ ਗਿਆਨ ਸਿੰਘ ਮੂੰਗੋ ਨਾਲ ਪਿੰਡ ਸੇਖੇਵਾਲ ਪੁੱਜੇ।
ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਆਪਣੇ ਨਾਦਰਸ਼ਾਹੀ ਤਰੀਕੇ ਅਪਣਾ ਕੇ ਪੰਜਾਬ ਦੀਆਂ ਪੰਚਾਇਤਾਂ ਦੀ ਜ਼ਮੀਨ ਨੂੰ ਅਕਵਾਇਰ ਕਰਨ ਦੀ ਫਿਰਾਕ 'ਚ ਹੈ। ਇੰਡਸਟਰੀਅਲ ਪਾਰਕ ਦੀ ਆੜ 'ਚ ਪਿੰਡ ਸੇਖੇਵਾਲ ਅਤੇ ਆਸਪਾਸ ਦੇ ਪਿੰਡਾਂ ਦੀ ਕਰੀਬ 1000 ਏਕੜ ਜ਼ਮੀਨ ਨੂੰ ਹਥਿਆਉਣ ਲਈ ਸਰਕਾਰ ਹੁਣ ਗੁੰਡਾਗਰਦੀ 'ਤੇ ਉਤਰ ਆਈ ਹੈ, ਪਰ ਆਪ, ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦੇਵੇਗੀ।
ਸਰਕਾਰ ਨੂੰ ਇੰਡਸਟਰੀਅਲ ਪਾਰਕ ਦੇ ਨਾਮ 'ਤੇ ਇਕ ਮਰਲਾ ਵੀ ਪੰਚਾਇਤੀ ਜ਼ਮੀਨ ਨੂੰ ਅਕਵਾਇਰ ਨਹੀਂ ਕਰਨ ਦਿੱਤਾ ਜਾਵੇਗਾ। ਫਿਰ ਭਾਵੇਂ ਇਸ ਲਈ ਸਿਆਸੀ ਲੜਾਈ ਲੜਨੀ ਪਵੇ, ਕਾਨੂੰਨੀ ਲੜਾਈ ਲੜਨੀ ਪਵੇ ਜਾਂ ਵੱਡਾ ਲੋਕਰਾਜ਼ੀ ਸੰਘਰਸ਼ ਵਿੱਢਣਾ ਪਵੇ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਫ਼ੈਸਲੇ ਦਾ ਵਿਰੋਧ ਵਿਧਾਨ ਸਭਾ ਅਤੇ ਲੋਕ ਸਭਾ ਸਮੇਤ ਹਰ ਜਗ੍ਹਾ ਕੀਤਾ ਜਾਵੇਗਾ।