ਲੁਧਿਆਣਾ: ਪੰਜਾਬ ਦੇ ਵਿੱਚ ਬਿਜਲੀ ਸੰਕਟ ਬਰਕਰਾਰ ਹੈ ਤੇ ਪੰਜਾਬ ਦੇ ਵਿੱਚ ਹੁਣ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰੂ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਪਾਰ ਮੰਡਲ ਤੇ ਵਪਾਰ ਬਚਾਓ ਮੋਰਚੇ ਵੱਲੋਂ ਸਾਂਝੇ ਤੌਰ 'ਤੇ ਲੋਕਾਂ ਨੂੰ ਪੱਖੀਆਂ ਵੰਡ ਕੇ ਵੱਖਰੇ ਢੰਗ ਦੇ ਨਾਲ ਰੋਸ ਜ਼ਾਹਿਰ ਕੀਤਾ ਗਿਆ, ਇਸ ਦੌਰਾਨ ਪੱਖੀਆਂ ਦੇ ਉੱਤੇ 300 ਯੂਨਿਟ ਬਿਜਲੀ ਫਰੀ ਲਿਖਿਆ ਗਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ।
ਇਸ ਦੌਰਾਨ ਵਪਾਰ ਬਚਾਓ ਮੋਰਚੇ ਦੇ ਪ੍ਰਧਾਨ ਗੁਰਦੀਪ ਗੋਸ਼ਾ ਤੇ ਵਪਾਰ ਮੰਡਲ ਦੇ ਜਨਰਲ ਸੈਕਟਰੀ ਸੁਨੀਲ ਮਹਿਰਾ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨਾਲ ਵਪਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਸਸਤੀ ਅਤੇ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ, ਪਰ ਹਾਲੇ ਤੱਕ ਉਨ੍ਹਾਂ ਨੂੰ ਅਜਿਹਾ ਕੁਝ ਵੀ ਨਹੀਂ ਮਿਲਿਆ।
ਇਸੇ ਦੌਰਾਨ ਹੀ ਵਪਾਰੀਆਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ 1 ਅਪ੍ਰੈਲ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਕੁੱਝ ਵੀ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਕਦੀ ਹਿਮਾਚਲ ਜਾਂਦੇ ਨੇ ਅਤੇ ਕਦੀ ਗੁਜਰਾਤ ਜਾ ਰਹੇ ਹਨ।
ਜਦੋਂ ਕਿ ਜਿੱਥੋਂ ਉਨ੍ਹਾਂ ਦੀ ਸਰਕਾਰ ਬਣਾਈ ਹੈ, ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਦਿੱਤੀਆਂ ਨੇ, ਉਨ੍ਹਾਂ ਨਾਲ ਹੀ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੇ ਪੈਸੇ ਮੰਗਣ ਲਈ ਕੇਂਦਰ ਤੱਕ ਪਹੁੰਚ ਕਰ ਰਹੇ ਹਨ। ਗੁਰਦੀਪ ਗੋਸ਼ਾ ਨੇ ਕਿਹਾ ਕਿ ਜੇਕਰ ਫੰਡ ਵੀ ਕੇਂਦਰ ਤੋਂ ਮੰਗਣਾ ਹੀ ਸੀ ਤਾਂ ਸਰਕਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਬਣਾਉਣ ਦੀ ਕੀ ਲੋੜ ਸੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨਟਵਰ ਲਾਲ ਹੈ, ਨਟਵਰ ਦਲਾਲ ਨੇ ਤਾਜ ਮਹੱਲ ਵੇਚਿਆ ਸੀ ਤੇ ਕੇਜਰੀਵਾਲ ਨੇ ਤਾਂ ਪੰਜਾਬ ਨੂੰ ਹੀ ਵੇਚ ਦਿੱਤਾ ਹੈ।
ਇਹ ਵੀ ਪੜੋ: ਪੰਜਾਬੀ ਯੂਨੀਵਰਸਿਟੀ ਕੋਲ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ !