ਲੁਧਿਆਣਾ: ਸ਼ਹਿਰ ਦੇ ਵਿੱਚ ਪੰਜਾਬ ਭਰ ਤੋਂ ਟੈਕਸੀ ਯੂਨੀਅਨਾਂ ਵੱਲੋਂ ਗਿੱਲ ਰੋਡ ਤੇ ਸਥਿਤ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਇਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਗੱਡੀਆਂ ਦੀ ਟੈਕਸ ਮੁਆਫ਼ੀ, ਬੀਮਾ ਕਵਰ ਅਤੇ ਬਿਨਾਂ ਵਿਆਜ਼ ਕਿਸ਼ਤਾਂ ਮਾਫ਼ ਕਰਨ ਮੰਗ ਕੀਤੀ ਗਈ। ਟੈਕਸੀ ਡਰਾਈਵਰਾਂ ਅਤੇ ਮਾਲਕਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਗੱਡੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਖੜ੍ਹੀਆਂ ਕਰ ਆਉਣਗੇ।
ਟੈਕਸੀ ਚਾਲਕਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਕੋਰੋਨਾ ਦੇ ਦੌਰਾਨ ਨਾਂ ਤਾਂ ਸੂਬਾ ਸਰਕਾਰ ਨੇ ਉਨ੍ਹਾਂ ਦਾ ਟਰਾਂਸਪੋਰਟ ਟੈਕਸ ਮਾਫ਼ ਕੀਤਾ ਅਤੇ ਨਾ ਹੀ ਉਨ੍ਹਾਂ ਦੀਆਂ ਗੱਡੀਆਂ ਦੇ ਬੀਮੇ ਦੀ ਮਿਆਦ ਵਧਾਈ ਗਈ, ਜਦੋਂ ਕਿ ਦੋ ਮਹੀਨੇ ਗੱਡੀਆਂ ਖੜ੍ਹੀਆਂ ਰਹੀਆਂ ਕਿਸੇ ਵੀ ਤਰ੍ਹਾਂ ਦਾ ਵੀ ਕੰਮਕਾਰ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੈਕਸੀ ਡਰਾਈਵਰਾਂ ਨੂੰ ਕੋਈ ਮਾਲੀ ਮਦਦ ਤਾਂ ਕੀ ਦੇਣੀ ਸੀ, ਸਗੋਂ ਸਰਕਾਰ ਨੇ ਉਨ੍ਹਾਂ ਦੇ ਟੈਕਸ ਅਤੇ ਬੀਮਾ ਕੰਪਨੀਆਂ ਨੂੰ ਜਾਂਦੇ ਪੈਸੇ ਵੀ ਮਾਫ਼ ਤੱਕ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਿਸ਼ਤਾਂ ਮਾਫ਼ ਕੀਤੀਆਂ ਜਾਣ, ਜੇ ਅਜਿਹਾ ਨਹੀਂ ਕੀਤਾ ਤਾਂ ਉਹ ਟਰਾਂਸਪੋਰਟ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ ਅਤੇ ਲੋੜ ਪੈਣ ਤੇ ਆਪਣੀਆਂ ਗੱਡੀਆਂ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਲਾ ਕੇ ਚਾਬੀਆਂ ਉਨ੍ਹਾਂ ਦੇ ਹਵਾਲੇ ਕਰ ਆਉਣਗੇ।