ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਖੇਤੀ ਬਿੱਲ ਦੇ ਵਿਰੋਧ ਵਿਚ ਅਕਾਲੀ ਦਲ ਦਾ ਸਟੈਂਡ ਸਾਫ ਕੀਤਾ ਉਥੇ ਹੀ ਕਾਂਗਰਸ ਦਾ ਪੁਰਾਣਾ ਚੋਣ ਮਨੋਰਥ ਪੱਤਰ ਦਿਖਾ ਕੇ ਸਾਫ਼ ਕੀਤਾ ਕਿ ਕਾਂਗਰਸ ਦੀ ਸ਼ੁਰੂ ਤੋਂ ਹੀ ਮਨਸ਼ਾ ਇਸ ਬਿੱਲ ਨੂੰ ਲਾਗੂ ਕਰਨ ਦੀ ਸੀ।
ਇਸ ਦੌਰਾਨ ਉਨ੍ਹਾਂ ਮੁੜ ਤੋਂ ਰਾਹੁਲ ਗਾਂਧੀ ਨੂੰ ਪੱਪੂ ਦੱਸਿਆ ਅਤੇ ਕਿਹਾ ਕਿ ਕੈਪਟਨ ਸਾਬ੍ਹ ਕਹਿ ਰਹੇ ਹਨ ਕਿ ਮੇਰੀ ਅਗਵਾਈ ਹੇਠ ਇਕੱਠੇ ਹੋਵੋ ਜਦੋਂ ਕਿ ਉਹ ਤਾਂ ਲੱਭਿਆਂ ਵੀ ਲੱਭਦੇ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੂੰ ਲੱਭਣ ਲਈ ਵੀ 5 ਮੈਂਬਰੀ ਕਮੇਟੀ ਬਣਾਉਣੀ ਪਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਤਰ੍ਹਾਂ ਦੀ ਕਿਸਾਨ ਜਥੇਬੰਦੀ ਹੀ ਹੈ। ਗੱਠਜੋੜ ਦਾ ਮਸਲਾ ਪਾਰਟੀ ਪੱਧਰ 'ਤੇ ਹੀ ਵਿਚਾਰਿਆ ਜਾਵੇਗਾ ਉਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਅੰਤਮ ਫ਼ੈਸਲਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਮਦਦਗਾਰ ਪਾਰਟੀ ਰਹੀ ਹੈ। ਖੇਤੀ ਬਿੱਲ ਦੇ ਖਿਲਾਫ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਟੈਂਡ ਲਿਆ ਹੈ। ਹਰਸਿਮਰਤ ਬਾਦਲ ਨੇ ਅਸਤੀਫਾ ਦੇ ਦਿੱਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਸੱਦੇ ਗਏ ਇਸ ਸੈਸ਼ਨ ਵਿਚ ਸਪੀਕਰ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ। ਇਸ ਦੌਰਾਨ ਉਨ੍ਹਾਂ ਜੰਮ ਕੇ ਕਾਂਗਰਸ 'ਤੇ ਨਿਸ਼ਾਨਾ ਵਿਨ੍ਹੇ ਅਤੇ ਕਿਹਾ ਕਿ ਕਾਂਗਰਸ ਇਸ ਮੁੱਦੇ 'ਤੇ ਸਿਰਫ ਸਿਆਸਤ ਕਰ ਰਹੀ ਹੈ, ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਉਹ ਕਿਸਾਨਾਂ ਨਾਲ ਹਰ ਫਰੰਟ ਉੱਤੇ ਖੜੇ ਹਨ ਭਾਵੇਂ ਉਹ ਕਿਸਾਨਾਂ ਦੇ ਅੱਗੇ ਹੋਵੇ ਚਾਹੇ ਪਿੱਛੇ।