ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਪੋਲਟਰੀ ਫਾਰਮ ਖੇਤਰ ਨੂੰ ਹੋਰ ਵੀ ਵਧੇਰੇ ਲਾਹੇਵੰਦ ਬਣਾਉਣ ਲਈ ਇੱਕ ਖ਼ਾਸ ਕਿਸਮ ਦਾ ਅੰਡਾ ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਓਮੇਗਾ 3 ਫੈਟੀ ਐਸਿਡ ਜ਼ਰੂਰੀ ਮਾਤਰਾ 'ਚ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਪੂਰੇ ਉੱਤਰ ਭਾਰਤ ਵਿੱਚ ਇਹ ਵੱਖਰੀ ਕਿਸਮ ਦਾ ਪਹਿਲਾ ਵਿਕਸਿਤ ਕੀਤਾ ਗਿਆ ਅੰਡਾ ਹੈ।
ਲੁਧਿਆਣਾ ਦੀ ਗਡਵਾਸੂ ਯੂਨੀਵਰਸਿਟੀ ਦੇ ਵਿੱਚ ਡਾਕਟਰ ਪ੍ਰਿਤਪਾਲ ਸੇਠੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪੋਲਟਰੀ ਫਾਰਮ ਵਿੱਚ ਤਿਆਰ ਕੀਤੇ ਗਏ ਅੰਡੇ ਵਿੱਚ ਜ਼ਰੂਰੀ ਤੱਤ ਵਧਾਏ ਗਏ ਹਨ ਤੇ ਜੋ ਤੱਤ ਇਨਸਾਨੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ਖ਼ਤਮ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੰਡੇ ਵਿੱਚ ਫੈਟ ਦੀ ਮਾਤਰਾ 2.2 ਹੁੰਦੀ ਹੈ ਜਦ ਕਿ ਯੂਨੀਵਰਸਿਟੀ ਵੱਲੋਂ ਇਜਾਤ ਕੀਤੇ ਗਏ ਅੰਡੇ ਦੇ ਵਿੱਚ 1.5 ਹੈ। ਇਸੇ ਤਰ੍ਹਾਂ ਕੋਲੈਸਟਰੋਲ ਦੀ ਆਮ ਅੰਡੇ ਵਿੱਚ ਮਾਤਰਾ 210 ਮਿਲੀਗ੍ਰਾਮ ਹੁੰਦੀ ਹੈ ਜਦ ਕਿ ਨਵੇਂ ਇਜਾਤ ਕੀਤੇ ਅੰਡੇ ਵਿਚ ਇਹ 180 ਗ੍ਰਾਮ ਹੈ।
ਇਸ ਤੋਂ ਇਲਾਵਾ ਆਮ ਅੰਡੇ ਨਾਲੋਂ ਇਸ ਵਿਚ ਪੋਲਿਅਨ ਫੈਟ ਵੀ 1.34 ਗ੍ਰਾਮ ਹੈ। ਸਿਹਤ ਲਈ ਲਾਹੇਵੰਦ ਐਨ 3 ਐਸਿਡ ਯਾਨੀ ਓਮੇਗਾ 3 ਆਮ ਅੰਡੇ 'ਚ 60 ਮਿਲੀਗ੍ਰਾਮ ਹੁੰਦਾ ਹੈ, ਜੋ ਕਿ ਇਸ ਵਿੱਚ 350 ਮਿਲੀਗ੍ਰਾਮ ਹੈ।
ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਸ ਅੰਡੇ ਦੇ ਵਿਕਸਿਤ ਹੋਣ ਨਾਲ ਜਿੱਥੇ ਪੋਲਟਰੀ ਉਦਯੋਗ ਦੇ ਵਿੱਚ ਮੁੜ ਤੋਂ ਇੱਕ ਨਵਾਂ ਯੁੱਗ ਆਵੇਗਾ ਉਥੇ ਹੀ ਲੋਕਾਂ ਲਈ ਵੀ ਇਹ ਅੰਡੇ ਕਾਫੀ ਸਿਹਤਮੰਦ ਸਾਬਤ ਹੋਣਗੇ।