ਲੁਧਿਆਣਾ: ਲੋਕਸਭਾ ਚੋਣਾਂ ਦਾ ਅਖਾੜਾ ਸੱਜ ਚੁੱਕਿਆ ਹੈ। ਇਸ ਤੋਂ ਬਾਅਦ ਹਰ ਪਾਰਟੀ ਲੋਕਾਂ ਨੂੰ ਲੁਭਾਉਣ ਲਈ ਆਪੋ-ਆਪਣੀ ਬੰਸਰੀ ਵਜਾਉਣ 'ਚ ਮਸ਼ਰੂਫ ਹੈ। ਪਾਰਟੀਆਂ ਇੱਕ-ਦੂਜੇ 'ਤੇ ਤੰਜ ਕੱਸਣ ਤੇ ਨਿਸ਼ਾਨੇ ਸਾਧਣ ਤੋਂ ਵੀ ਪਰਹੇਜ਼ ਨਹੀਂ ਕਰ ਰਹੀਆਂ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਫੇਸਬੁੱਕ ਤੇ ਲਾਈਵ ਹੋ ਕੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਤਾਂ ਕੀਤੇ ਹੀ, ਇਸਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਹਨ। ਇਨਾਂ ਹੀ ਨਹੀਂ ਬੈਂਸ ਫੇਸਬੁੱਕ ਲਾਈਵ ਦੌਰਾਨ ਚਿੱਟਾ ਖਰੀਦਦੇ ਵੀ ਨਜ਼ਰ ਆਏ।
ਬੈਂਸ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗੁਟਕਾ ਸਾਹਿਬ ਹੱਥ 'ਚ ਚੁੱਕ ਕੇ ਕਿਹਾ ਸੀ ਕਿ ਚਾਰ ਹਫ਼ਤਿਆਂ ਦੇ ਅੰਦਰ ਪੰਜਾਬ ਚੋਂ ਨਸ਼ਾ ਖਤਮ ਕਰ ਦਿਆਂਗੇ, ਪਰ ਅਜੇ ਵੀ ਸੂਬੇ 'ਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਬੈਂਸ ਨੇ ਲੁਧਿਆਣਾ ਤੋਂ ਚਿੱਟਾ ਖਰੀਦਿਆ ਤੇ ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਜੇ ਚਾਹੇ ਤਾਂ ਨਸ਼ਾ ਰੁਕ ਸਕਦਾ ਹੈ, ਪਰ ਢਿੱਲੀ ਕਾਰਗੁਜ਼ਾਰੀ ਕਾਰਣ ਸੂਬਾ ਅੱਜ ਵੀ ਚਿੱਟੇ ਦੀ ਮਾਰ ਝੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਆਪਣੇ ਇੱਕ ਸਾਥੀ ਨੂੰ ਚਿੱਟਾ ਖਰੀਦਣ ਚੀਮਾ ਚੌਂਕ ਨੇੜੇ ਭੇਜਿਆ। ਉੁਨ੍ਹਾਂ ਲਾਈਵ ਵੀਡੀਓ ਦੌਰਾਨ ਕਿਹਾ ਕਿ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਚਿੱਟਾ ਖਰੀਦਿਆ ਤੇ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਜਿਸ ਤੋਂ ਸਾਫ਼ ਹੈ ਕਿ ਪੁਲਿਸ ਨਸ਼ਿਆਂ ਖਿਲਾਫ਼ ਜ਼ਿਆਦਾ ਸੰਜੀਦਗੀ ਨਹੀਂ ਵਰਤ ਰਹੀ।