ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ 16 ਨਵੰਬਰ ਤੋਂ ਲੈ ਕੇ 19 ਨਵੰਬਰ ਤੱਕ ਪੰਜਾਬ ਅਧਿਕਾਰ ਯਾਤਰਾ ਕੱਢਣ ਜਾ ਰਹੇ ਹਨ।
ਇਸ ਤਹਿਤ 700 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ 9 ਵਸੀਲਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਪੰਜਾਬ ਦੇ ਅਧਿਕਾਰਾਂ ਪ੍ਰਤੀ ਅਤੇ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਨੂੰ ਲੈ ਕੇ ਹਸਤਾਖ਼ਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਚੰਡੀਗੜ੍ਹ ਵਿਧਾਨ ਸਭਾ ਆ ਕੇ ਖ਼ਤਮ ਹੋਵੇਗੀ।
ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਯਾਤਰਾ ਲਗਾਤਾਰ ਚੱਲੇਗੀ ਅਤੇ ਰਾਤ ਦਾ ਵੇਲਾ ਵੀ ਉਹ ਬਾਹਰ ਸੜਕ 'ਤੇ ਹੀ ਕੱਟਣਗੇ। ਉਨ੍ਹਾਂ ਸਾਫ਼ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸੂਬਿਆਂ ਦੇ ਅਧਿਕਾਰਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਦੇ ਖ਼ਿਲਾਫ਼ ਯਾਤਰਾ ਕੱਢੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰਕੇ ਸੂਬੇ ਦੇ ਅਧਿਕਾਰ ਅਤੇ ਲੋਕਤੰਤਰ ਨੂੰ ਵੱਡੀ ਢਾਹ ਲਾਈ ਹੈ ਤੇ ਸਾਡੇ ਸੰਵਿਧਾਨ ਵਿੱਚ ਕੇਂਦਰ ਅਤੇ ਸੂਬਿਆਂ ਨੂੰ ਆਪੋ ਆਪਣੇ ਅਧਿਕਾਰ ਦਿੱਤੇ ਗਏ ਹਨ।
ਬੈਂਸ ਨੇ ਕਿਹਾ ਕਿ ਫ਼ਿਰੋਜ਼ਪੁਰ ਹਰੀਕੇ ਪੱਤਣ ਤੋਂ ਉਹ ਇਹ ਪੰਜਾਬ ਅਧਿਕਾਰ ਯਾਤਰਾ ਦੀ ਸ਼ੁਰੂਆਤ ਕਰਨਗੇ ਅਤੇ 700 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇਹ 9 ਜ਼ਿਲ੍ਹਿਆਂ ਤੋਂ ਹੁੰਦੀ ਹੋਈ ਪੰਜਾਬ ਵਿਧਾਨ ਸਭਾ 19 ਨਵੰਬਰ ਨੂੰ ਪਹੁੰਚੇਗੀ। ਉੱਥੇ 21 ਲੱਖ ਲੋਕਾਂ ਦੇ ਹਸਤਾਖ਼ਰ ਕੀਤੀ ਹੋਈ ਇੱਕ ਪਟੀਸ਼ਨ ਦਾਇਰ ਕੀਤੀ ਜਾਵੇਗੀ ਤਾਂ ਜੋ ਸੂਬੇ ਦੇ ਅਧਿਕਾਰਾਂ ਨੂੰ ਬਚਾਇਆ ਜਾ ਸਕੇ। ਬੈਂਸ ਨੇ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਅਧਿਕਾਰਾਂ ਨੂੰ ਬਚਾਉਣ ਲਈ ਹੋਵੇਗੀ।